ਓਲੈਕਟਰਾ ਨੇ ਰਿਲਾਇੰਸ ਨਾਲ ਮਿਲ ਕੇ ਪੇਸ਼ ਕੀਤੀ ਹਾਈਡ੍ਰੋਜਨ ਬੱਸ

ਏਜੰਸੀ

ਖ਼ਬਰਾਂ, ਵਪਾਰ

12 ਮੀਟਰ ਲੰਬੀ ਲੋਅ ਫ਼ਲੋਰ ਬੱਸ 'ਚ 32 ਤੋਂ 49 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ

Image

 

ਨਵੀਂ ਦਿੱਲੀ - ਓਲੈਕਟਰਾ ਗ੍ਰੀਨਟੈਕ ਨੇ ਰਿਲਾਇੰਸ ਦੇ ਸਹਿਯੋਗ ਨਾਲ ਵੀਰਵਾਰ ਨੂੰ ਹਾਈਡ੍ਰੋਜਨ ਬੱਸ ਪੇਸ਼ ਕੀਤੀ। ਰਿਵਾਇਤੀ ਜਨਤਕ ਆਵਾਜਾਈ ਦੇ ਵਿਕਲਪ ਵਜੋਂ ਪੇਸ਼ ਕੀਤੀ ਗਈ, ਬੱਸ ਕਾਰਬਨ-ਨਿਕਾਸੀ ਮੁਕਤ ਹੈ।

ਮੇਘਾ ਇੰਜਨੀਅਰਿੰਗ ਐਂਡ ਇਨਫ਼ਰਾਸਟ੍ਰਕਚਰਜ਼ ਲਿਮਿਟੇਡ ਦੀ ਸਹਾਇਕ ਕੰਪਨੀ ਓਲੈਕਟਰਾ ਗ੍ਰੀਨਟੈਕ ਲਿਮਿਟੇਡ (ਓ.ਜੀ.ਐਲ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਭਾਰਤੀ ਬਾਜ਼ਾਰ ਵਿੱਚ ਅਗਲੀ ਪੀੜ੍ਹੀ ਦੀ ਆਵਾਜਾਈ ਪ੍ਰਣਾਲੀ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ।

ਕੁਦਰਤੀ ਸਰੋਤਾਂ ਦੀ ਘਾਟ, ਹਵਾ ਪ੍ਰਦੂਸ਼ਣ ਅਤੇ ਕਾਰਬਨ ਨਿਕਾਸ ਦੇ ਨਕਾਰਾਤਮਕ ਪ੍ਰਭਾਵਾਂ ਦੇ ਮੱਦੇਨਜ਼ਰ, ਓਲੈਕਟਰਾ ਨੇ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਬੱਸਾਂ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਮੁਹਿੰਮ ਚਲਾਈ ਹੈ।

ਇਹ ਮੁਹਿੰਮ ਭਾਰਤ ਸਰਕਾਰ ਨੂੰ ਕਾਰਬਨ ਮੁਕਤ ਹਾਈਡ੍ਰੋਜਨ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਕਰੇਗੀ।

ਬਿਆਨ ਅਨੁਸਾਰ, ਓਲੈਕਟਰਾ ਦਾ ਉਦੇਸ਼ ਆਪਣੀਆਂ ਹਾਈਡ੍ਰੋਜਨ ਬੱਸਾਂ ਰਾਹੀਂ ਦੇਸ਼ ਦੀ ਵਾਤਾਵਰਣ ਟਿਕਾਊ ਊਰਜਾ ਸੁਰੱਖਿਆ ਵਿੱਚ ਯੋਗਦਾਨ ਪਾਉਣਾ ਹੈ।

ਕੰਪਨੀ ਦੇ ਬਿਆਨ ਮੁਤਾਬਕ 12 ਮੀਟਰ ਲੰਬੀ ਲੋਅ ਫ਼ਲੋਰ ਬੱਸ 'ਚ 32 ਤੋਂ 49 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ।

ਬੱਸ 'ਚ ਇੱਕ ਵਾਰੀ ਹਾਈਡ੍ਰੋਜਨ ਭਰਨ ਤੋਂ ਬਾਅਦ ਇਸ ਨੂੰ 400 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਐਨੀ ਹਾਈਡ੍ਰੋਜਨ ਭਰਨ 'ਚ ਸਿਰਫ਼ 15 ਮਿੰਟ ਲੱਗਣਗੇ।

ਬਿਆਨ ਮੁਤਾਬਕ ਓਲੈਕਟਰਾ ਇੱਕ ਸਾਲ ਦੇ ਅੰਦਰ ਇਨ੍ਹਾਂ ਬੱਸਾਂ ਨੂੰ ਵਪਾਰਕ ਤੌਰ 'ਤੇ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।