ਲੁਲੁ ਗਰੁੱਪ ਨੇ ਪੰਜਾਬ ਤੋਂ ਯੂਏਈ ਲਈ ਐਗਰੋ ਉਤਪਾਦਾਂ ਦੀ ਬਰਾਮਦ ਦੀਆਂ ਸੰਭਾਵਨਾਵਾਂ ਦਾ ਲਾਇਆ ਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਯੂ ਏ ਈ- ਇੰਡੀਆ ਦੀ ਭਾਈਵਾਲੀ ਸਬੰਧੀ ਦੁਬਈ ਵਿਖੇ ਹੋਏ ਸੰਮੇਲਨ ਤੋਂ ਬਾਅਦ ਲੁਲੁ ਗਰੁੱਪ ਇੰਟਰਨੈਸ਼ਨਲ ਦੇ ਇਕ ਉੱਚ ਪੱਧਰੀ ਵਫ਼ਦ ਨੇ...

Lulu Group

ਚੰਡੀਗੜ੍ਹ (ਸਸਸ) : ਯੂ ਏ ਈ- ਇੰਡੀਆ ਦੀ ਭਾਈਵਾਲੀ ਸਬੰਧੀ ਦੁਬਈ ਵਿਖੇ ਹੋਏ ਸੰਮੇਲਨ ਤੋਂ ਬਾਅਦ ਲੁਲੁ ਗਰੁੱਪ ਇੰਟਰਨੈਸ਼ਨਲ ਦੇ ਇਕ ਉੱਚ ਪੱਧਰੀ ਵਫ਼ਦ ਨੇ ਸ਼ਨਿਚਰਵਾਰ ਨੂੰ ਸੂਬੇ ਦਾ ਦੌਰਾ ਸਮਾਪਤ ਕੀਤਾ ਅਤੇ ਇਸ ਨੇ ਐਗਰੋ ਉਤਪਾਦਾਂ ਅਤੇ ਯੂ ਏ ਈ ਨੂੰ ਪ੍ਰੋਸੈਸਡ ਭੋਜਨ ਦੀ ਬਰਾਮਦ ਸਬੰਧੀ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ। ਇਸ ਗਰੁੱਪ ਨੇ ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਨੁਮਾਇੰਦਿਆਂ ਨੂੰ ਆਪਣੀ ਬਰਾਮਦੀ ਸਮਰੱਥਾ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਆਪਣੇ ਉਤਪਾਦਾਂ ਦੇ ਸੈਂਪਲ ਭੇਜਣ ਦੀ ਅਪੀਲ ਕੀਤੀ।

ਇਸ ਨੇ ਇਸ ਸਬੰਧ ਵਿਚ ਮਿਆਰ ਨੂੰ ਯਕੀਨੀ ਬਣਾ ਕੇ ਉੱਚ ਸਥਾਨ ਹਾਸਿਲ ਕੀਤਾ ਹੈ। ਲੁਲੁ ਗਰੁੱਪ ਨੇ ਮਾਰਕਫੈੱਡ ਦੇ ਨਾਂ ਹੇਠ ਪੈਕ ਕੀਤਾ ਸ਼ਹਿਦ ਪ੍ਰਾਪਤ ਕਰਨ ਦੀ ਦਿਲਚਸਪੀ ਦਿਖਾਈ ਹੈ। ਪੀ ਏ ਆਈ ਸੀ ਦੇ ਐਮ ਡੀ ਰਾਹੁਲ ਗੁਪਤਾ ਨੇ ਵੀ ਵਫ਼ਦ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਆਰਗੈਨਿਕ ਬਰਾਊਨ ਬਾਸਮਤੀ, ਆਟਾ ਅਤੇ ਕਿੰਨੂ ਦੇ ਸਬੰਧ ਵਿਚ ਵੀ ਵਿਚਾਰ ਚਰਚਾ ਕੀਤੀ।

ਸੀ ਈ ਓ ਨੇ ਅੱਗੇ ਦੱਸਿਆ ਕਿ ਇਸ ਗਰੁੱਪ ਨੇ ਮੁਹਾਲੀ ਦੀਆਂ ਕੁਝ ਮਹੱਤਵਪੂਰਨ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਨੇ ਇੱਥੇ ਸੰਗਠਤ ਪ੍ਰਾਜੈਕਟ ਲਾਉਣ ਲਈ 25 ਏਕੜ ਰਕਬੇ ਦੀ ਖਾਹਿਸ਼ ਪ੍ਰਗਟ ਕੀਤੀ ਹੈ। ਲੁਲੁ ਗਰੁੱਪ ਇੰਟਰਨੈਸ਼ਨਲ ਦੇ ਖਾੜੀ ਅਤੇ ਹੋਰ ਦੇਸ਼ਾਂ ਵਿਚ 157 ਰੀਟੇਲ ਸ਼ਾਪਿੰਗ ਸੈਂਟਰਾਂ ਦਾ ਨੈਟਵਰਕ ਹੈ। ਇਸ ਨੇ ਪੰਜਾਬ ਵਿਚ 50 ਏਕੜ ਰਕਬੇ ਉਤੇ ਮੀਟ ਉਤਪਾਦਨ ਸੁਵਿਧਾ ਲਈ ਨਿਵੇਸ਼ ਵਿਚ ਵੱਡੀ ਦਿਲਚਸਪੀ ਵਿਖਾਈ ਹੈ।

ਵਫ਼ਦ ਨੇ ਅਪਣੇ ਦੋ ਦਿਨਾਂ ਦੌਰੇ ਦੌਰਾਨ ਵੱਖ-ਵੱਖ ਨੁਮਾਇੰਦਿਆਂ ਨਾਲ 15 ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਦੀ ਬਰਾਮਦੀ ਸਮਰੱਥਾ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ।