50 ਹਜ਼ਾਰ ਰੁਪਏ ਦੇ ਕਰੀਬ ਪਹੁੰਚਿਆ ਸੋਨਾ, ਦੀਵਾਲੀ ਤੱਕ 80 ਹਜ਼ਾਰ ਹੋਣ ਦਾ ਅਨੁਮਾਨ

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਸੰਕਟ ਕਾਰਨ ਐਲਾਨੇ ਗਏ ਲੌਕਡਾਊਨ ਦੌਰਾਨ ਸੋਨੇ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ

Gold

ਨਵੀਂ ਦਿੱਲੀ: ਕੋਰੋਨਾ ਸੰਕਟ ਕਾਰਨ ਐਲਾਨੇ ਗਏ ਲੌਕਡਾਊਨ ਦੌਰਾਨ ਸੋਨੇ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ ਅਤੇ ਹੁਣ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਹ ਉਛਾਲ ਇੰਨਾ ਜ਼ਿਆਦਾ ਹੈ ਕਿ ਸੋਨਾ ਜਲਦ ਹੀ 50 ਹਜ਼ਾਰ ਤੱਕ ਪਹੁੰਚਣ ਵਾਲਾ ਹੈ। ਬਜ਼ਾਰ ਮਾਹਿਰਾਂ ਦੀ ਮੰਨੀਏ ਤਾਂ ਕੱਲ ਯਾਨੀ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 50 ਹਜ਼ਾਰ ਤੋਂ ਵੀ ਪਾਰ ਜਾਣ ਦੀ ਪੂਰੀ ਸੰਭਾਵਨਾ ਹੈ।

ਇੰਨਾ ਹੀ ਨਹੀਂ ਬਜ਼ਾਰ ਮਾਹਿਰ ਦੀਵਾਲੀ ਤੱਕ ਸੋਨੇ ਦੀਆਂ ਕੀਮਤਾਂ 80 ਹਜ਼ਾਰ ਤੱਕ ਪਹੁੰਚਣ ਦੀ ਵੀ ਸੰਭਾਵਨਾ ਜਤਾ ਰਹੇ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਦਿੱਲੀ ਵਿਚ 99.9 ਫੀਸਦੀ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 48,988 ਰੁਪਏ ਤੋਂ ਡਿੱਗ ਕੇ 48,931 ਰੁਪਏ ਆ ਗਈ। ਇਸ ਦੌਰਾਨ ਕੀਮਤਾਂ ਵਿਚ 57 ਰੁਪਏ ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੋਨੇ ਵਿਚ 85 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀਆਂ ਕੀਮਤਾਂ ਵਿਚ 144 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ।

ਪੂਰੇ ਵਿਸ਼ਵ ਵਿਚ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਡਿੱਗਦੀ ਅਰਥਵਿਵਸਥਾ ਦਾ ਜ਼ਬਰਦਸਤ ਅਸਰ ਸੋਨੇ ਦੇ ਬਜ਼ਾਰ ‘ਤੇ ਪਿਆ ਹੈ। ਇਸ ਮਹਾਂਮਾਰੀ ਦੌਰਾਨ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਉਛਾਲ ਜਾਰੀ ਹੈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਇਕ ਤੋਲੇ ਸੋਨੇ ਦੀ ਕੀਮਤ 49900 ਰੁਪਏ ਪਹੁੰਚ ਗਈ ਹੈ ਜੋ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਪੱਧਰ ਹੈ। ਯਾਨੀ ਸੋਨਾ ਜਲਦ ਹੀ 50 ਹਜ਼ਾਰੀ ਹੋ ਜਾਵੇਗਾ।

ਜ਼ਵੇਰੀ ਗੋਲਡ ਬਾਜ਼ਾਰ ਦੇ ਪ੍ਰਧਾਨ ਕੁਮਾਰ ਜੈਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲੌਕਡਾਊਨ ਲੱਗਿਆ ਹੋਇਆ ਹੈ। ਇਸ ਮਹਾਂਮਾਰੀ ਕਾਰਨ ਕਈ ਦੇਸ਼ਾਂ ਵਿਚ ਮੰਦੀ ਦਾ ਖਤਰਾ ਮੰਡਰਾ ਰਿਹਾ ਹੈ। ਅਜਿਹੇ ਵਿਚ ਸੋਨੇ ਨੂੰ ਲੈ ਕੇ ਸੁਰੱਖਿਅਤ ਨਿਵੇਸ਼ ਦੀ ਮੰਗ ਵਧ ਗਈ ਹੈ। ਮੌਜੂਦਾ ਸਮੇਂ ਵਿਚ ਇਹ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਪਰ ਇਸ ਨਾਲ ਵਪਾਰੀਆਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਪਰ ਜ਼ਿਆਦਾਤਰ ਲੋਕ ਨਵਾਂ ਸੋਨਾ ਖਰੀਦਣ ਦੀ ਬਜਾਏ ਰਿਸਾਇਕਲ ਗੋਲਡ ਨਾਲ ਹੀ ਕੰਮ ਚਲਾ ਰਹੇ ਹਨ।