31 ਮਾਰਚ ਤਕ ਬੰਦ ਹੋ ਸਕਦੇ ਹਨ 1.13 ਲੱਖ ATM

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਵੇਂ ਨੋਟਾਂ ਦੇ ਹਿਸਾਬ ਨਾਲ ਏ.ਟੀ.ਐਮ. ਸਿਸਟਮ ਨੂੰ ਬਦਲਣਾ ਪਵੇਗਾ

ATM Closed

ਨਵੀਂ ਦਿੱਲੀ : ਇਸ ਮਹੀਨੇ ਦੇ ਅੰਤ ਤਕ ਦੇਸ਼ ਦੇ ਅੱਧੇ ਏ.ਟੀ.ਐਮ. ਬੰਦ ਹੋ ਸਕਦੇ ਹਨ। ਕੰਫ਼ੈਡਰੇਸ਼ਨ ਆਫ਼ ਏ.ਈ.ਐਮ. ਇੰਡਸਟਰੀ (CATMi) ਵੱਲੋਂ ਮਿਲੀ ਸੂਚਨਾ ਮੁਤਾਬਕ ਏ.ਟੀ.ਐਮ. ਬੰਦ ਹੋਣ ਦਾ ਕਾਰਨ ਤਕਨੀਕੀ ਅਪਗ੍ਰੇਡ ਨੂੰ ਦੱਸਿਆ ਹੈ। CATMi ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਏ.ਟੀ.ਐਮ. ਹਾਰਡਵੇਅਰ ਅਤੇ ਸਾਫ਼ਟਵੇਅਰ ਅਪਗ੍ਰੇਡ ਤੇ ਨਕਦੀ ਪ੍ਰਬੰਧਨ ਯੋਜਨਾਵਾਂ ਦੇ ਨਵੇਂ ਨਿਯਮਾਂ ਕਾਰਨ ਮਾਰਚ 2019 ਤਕ ਸੰਚਾਲਨ 'ਚ ਮੁਸ਼ਕਲ ਕਾਰਨ 50 ਫ਼ੀਸਦੀ ਲਗਭਗ 1.13 ਲੱਖ ਏ.ਟੀ.ਐਮ. ਬੰਦ ਹੋ ਜਾਣਗੇ।

CATMi ਦੇ ਬੁਲਾਰੇ ਨੇ ਦੱਸਿਆ ਕਿ ਭਾਰਤ 'ਚ ਇਸ ਸਮੇਂ ਲਗਭਗ 2,38,000 ਏ.ਟੀ.ਐਮ. ਹਨ, ਜਿਨ੍ਹਾਂ 'ਚੋਂ ਇਕ ਲੱਖ ਆਫ਼ ਸਾਈਟ ਅਤੇ 15 ਹਜ਼ਾਰ ਤੋਂ ਵੱਧ ਵ੍ਹਾਈਟ ਲੇਬਲ ਏ.ਟੀ.ਐਮ. ਸਮੇਤ ਕੁਲ 1,13,000 ਏ.ਟੀ.ਐਮ. ਬੰਦ ਹੋ ਸਕਦੇ ਹਨ। ਨੋਟਬੰਦੀ ਤੋਂ ਬਾਅਦ 2000, 500, 200 ਅਤੇ 100 ਰੁਪਏ ਦੇ ਨਵੇਂ ਨੋਟ ਇਸ ਸਮੇਂ ਬਾਜ਼ਾਰ 'ਚ ਚੱਲ ਰਹੇ ਹਨ। ਇਨ੍ਹਾਂ ਨੋਟਾਂ ਦੇ ਸਾਈਜ ਵੱਖਰੇ ਹਨ। ਇਸ ਲਈ ਹੁਣ ਨਵੇਂ ਨੋਟਾਂ ਦੇ ਹਿਸਾਬ ਨਾਲ ਏ.ਟੀ.ਐਮ. ਸਿਸਟਮ ਨੂੰ ਬਦਲਿਆ ਜਾਣਾ ਹੈ। ਇਸ 'ਚ 3000 ਕਰੋੜ ਰੁਪਏ ਦਾ ਖ਼ਰਚਾ ਆਵੇਗਾ।

ਏ.ਟੀ.ਐਮ. ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਕੋਲ ਵਾਧੂ ਬਜਟ ਨੂੰ ਪੂਰਾ ਕਰਨ ਲਈ ਵੱਖਰੇ ਵਿੱਤੀ ਸਾਧਨ ਨਹੀਂ ਹਨ। ਇਸ ਲਈ ਏ.ਟੀ.ਐਮ. ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਲਾਤ 'ਚੋਂ ਉਦੋਂ ਬਾਹਰ ਨਿਕਲਿਆ ਜਾ ਸਕਦਾ ਹੈ ਜਦੋਂ ਬੈਂਕ ਇਨ੍ਹਾਂ ਮਸ਼ੀਨਾਂ 'ਤੇ ਹੋਣ ਵਾਲੇ ਵਾਧੂ ਖ਼ਰਚੇ ਨੂੰ ਖ਼ੁਦ ਚੁੱਕਣ।