AGR ਭੁਗਨਾਤ ਨਾਲ ਸੰਕਟ ਵਧਿਆ, ਦੇਸ਼ ‘ਚ ਸਿਰਫ਼ ਦੋ ਟੈਲੀਕਾਮ ਕੰਪਨੀਆਂ ਰਹਿ ਜਾਣਗੀਆਂ- ਸੁਨੀਲ ਮਿੱਤਲ

ਏਜੰਸੀ

ਖ਼ਬਰਾਂ, ਵਪਾਰ

ਏਅਰਟੈਲ ਦੇ ਮੁਖੀ ਸੁਨੀਲ ਮਿੱਤਲ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਿਰਫ਼ ਦੋ ਟੈਲੀਕਾਮ ਕੰਪਨੀਆਂ ਦੀ ਹੀ ਹੋਂਦ ਰਹਿ ਸਕਦੀ ਹੈ।

Sunil Mittal

ਨਵੀਂ ਦਿੱਲੀ: ਏਅਰਟੈਲ ਦੇ ਮੁਖੀ ਸੁਨੀਲ ਮਿੱਤਲ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਿਰਫ਼ ਦੋ ਟੈਲੀਕਾਮ ਕੰਪਨੀਆਂ ਦੀ ਹੀ ਹੋਂਦ ਰਹਿ ਸਕਦੀ ਹੈ। ਉਹਨਾਂ ਨੇ ਕਿਹਾ ਕਿ ਆਰਥਕ ਸੰਕਟ ਦੇ ਚਲਦਿਆਂ ਇਹ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਦੇਸ਼ ਵਿਚ ਸਿਰਫ਼ ਦੋ ਟੈਲੀਕਾਮ ਕੰਪਨੀਆਂ ਰਹਿ ਜਾਣਗੀਆਂ। ਭਾਰਤੀ ਏਅਰਟੈਲ ਦੇ ਚੇਅਰਮੈਨ ਨੇ ਕਿਹਾ, ‘ਟੈਲੀਕਾਮ ਸੈਕਟਰ ‘ਤੇ ਪੈਦਾ ਹੋਏ ਆਰਥਕ ਦਬਾਅ ਦੇ ਚਲਦਿਆਂ ਕਾਰੋਬਾਰ ਦੋ ਹੀ ਕੰਪਨੀਆਂ ਵਿਚਕਾਰ ਸੀਮਤ ਹੋ ਸਕਦਾ ਹੈ।

ਜੇਕਰ ਤੀਜੀ ਕੰਪਨੀ ਦੇ ਪ੍ਰਮੋਟਰ ਵੱਡੇ ਪੱਧਰ ‘ਤੇ ਪੂੰਜੀ ਨਹੀਂ ਇਕੱਠੀ ਕਰ ਪਾਉਂਦੇ ਤਾਂ ਫਿਰ ਮੁਕਾਬਲੇ ਵਿਚ ਬਣੇ ਰਹਿਣਾ ਮੁਸ਼ਕਲ ਹੋਵੇਗਾ। ਏਅਰਟੈਲ ‘ਤੇ ਵੀ ਮਾੜਾ ਪ੍ਰਭਾਵ ਪਿਆ ਹੈ। ਅਸੀਂ ਰਾਈਟਸ ਈਸ਼ੂ ਅਤੇ ਹੋਰ ਤਰੀਕਿਆਂ ਨਾਲ ਕੰਪਨੀ ਵਿਚ ਨਵੀਂ ਪੂੰਜੀ ਲਿਆਉਣ ਦਾ ਕੰਮ ਕੀਤਾ ਹੈ। ਤੀਜੀ ਕੰਪਨੀ ਨੂੰ ਵੀ ਅਜਿਹਾ ਹੀ ਕੁਝ ਕਰਨਾ ਹੋਵੇਗਾ’।

ਚਾਹੇ ਸੁਨੀਲ ਮਿੱਤਲ ਨੇ ਕਿਸੇ ਕੰਪਨੀ ਦਾ ਸਿੱਧੇ ਤੌਰ ‘ਤੇ ਨਾਮ ਨਹੀਂ ਲਿਆ ਪਰ ਉਹਨਾਂ ਦਾ ਇਸ਼ਾਰਾ ਸਾਫ ਤੌਰ ‘ਤੇ ਵੋਡਾਫੋਨ-ਆਈਡੀਆ ਵੱਲ ਸੀ ਜੋ ਭਾਰੀ ਸੰਕਟ ਨਾਲ ਜੂਝ ਰਹੀ ਹੈ। ਸਰਕਾਰੀ ਏਜੀਆਰ ਬਕਾਏ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਹੋਏ ਸੁਨੀਲ ਮਿੱਤਲ ਨੇ ਕਿਹਾ, ‘ਏਜੀਆਰ ਪੈਮੇਂਟ ਬਹੁਤ ਜ਼ਿਆਦਾ ਹੈ ਅਤੇ ਇਸ ਨਾਲ ਟੈਲੀਕਾਮ ਕੰਪਨੀਆਂ ਦਾ ਬੋਝ ਵਧ ਗਿਆ ਹੈ। ਕੰਪਨੀਆਂ ਨੂੰ ਜ਼ੁਰਮਾਨਾ ਅਤੇ ਵਿਆਜ ਵੱਡੇ ਪੱਧਰ ‘ਤੇ ਦੇਣਾ ਪੈ ਰਿਹਾ ਹੈ’।

ਸੁਨੀਲ ਮਿੱਤਲ ਨੇ ਕਿਹਾ ਕਿ ਏਜੀਆਰ ਦੇ ਭੁਗਤਾਨ ਦੀ ਸਮੱਸਿਆ ਨਹੀਂ ਹੈ ਪਰ ਇਸ ਦੇ ਲਈ ਦਿੱਤੇ ਜਾਣ ਵਾਲੇ ਸਮੇਂ ਨੂੰ ਲੈ ਕੇ ਪਰੇਸ਼ਾਨੀ ਹੈ। ਦੱਸ ਦਈਏ ਕਿ ਏਅਰਟੈਲ ‘ਤੇ ਕੁੱਲ 43,980 ਕਰੋੜ ਰੁਪਏ ਦਾ ਏਜੀਆਰ ਬਕਾਇਆ ਹੈ, ਜਿਸ ਵਿਚੋਂ ਕੰਪਨੀ ਨੇ 18,004 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ। ਹੁਣ ਕੰਪਨੀ 25,976 ਕਰੋੜ ਰੁਪਏ ਬਕਾਏ ਦੀ ਰਕਮ ਦਾ ਭੁਗਤਾਨ ਕਰਨ ਲਈ 15 ਸਾਲ ਦਾ ਸਮਾਂ ਚਾਹੁੰਦੀ ਹੈ। ਇਸੇ ਤਰ੍ਹਾਂ ਵੋਡਾਫੋਨ ਆਈਡੀਆ ਨੇ ਵੀ 50,400 ਕਰੋੜ ਰੁਪਏ ਦੀ ਰਕਮ ਨੂੰ ਭਰਨ ਲਈ 15 ਸਾਲ ਦਾ ਸਮਾਂ ਮੰਗਿਆ ਹੈ। ਕੰਪਨੀ ‘ਤੇ ਕੁੱਲ 58,254 ਕਰੋੜ ਰੁਪਏ ਦਾ ਏਜੀਆਰ ਬਕਾਇਆ ਸੀ, ਜਿਸ ਵਿਚੋਂ ਉਸ ਨੇ ਹੁਣ ਤੱਕ 7,854 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ।