ਅਰਥਵਿਵਸਥਾ ਨੂੰ ਲੈ ਕੇ RBI ਦੀ ਰਿਪੋਰਟ ‘ਤੇ ਬੋਲੇ ਰਾਹੁਲ, ‘ਮੈਂ ਜੋ ਕਹਿੰਦਾ ਰਿਹਾ, ਉਹੀ ਹੋਇਆ’

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਆਰਥਕ ਗਤੀਵਿਧੀਆਂ ਵਿਚ ਗਿਰਾਵਟ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ ਵੀ ਜਾਰੀ ਰਹਿ ਸਕਦੀ ਹੈ।

Rahul Gandhi

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਆਰਥਕ ਗਤੀਵਿਧੀਆਂ ਵਿਚ ਗਿਰਾਵਟ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ ਵੀ ਜਾਰੀ ਰਹਿ ਸਕਦੀ ਹੈ। ਆਰਬੀਆਈ ਨੇ ਕਿਹਾ ਕਿ ਮਈ ਅਤੇ ਜੂਨ ਮਹੀਨੇ ਦੌਰਾਨ ਆਰਥਕ ਗਤੀਵਿਧੀਆਂ ਵਿਚ ਜੋ ਵਾਧਾ ਦੇਖਿਆ ਗਿਆ ਸੀ, ਉਸ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਫਿਰ ਤੋਂ ਲਗਾਏ ਗਏ ਲੌਕਡਾਊਨ ਕਾਰਨ ਗਿਰਾਵਟ ਆ ਸਕਦੀ ਹੈ।

ਆਰਬੀਆਈ ਦੀ ਇਸ ਰਿਪੋਰਟ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਜੋ ਮਹੀਨਿਆਂ ਤੋਂ ਬੋਲ ਰਹੇ ਸੀ ਉਸ ਦੀ ਪੁਸ਼ਟੀ ਆਰਬੀਆਈ ਨੇ ਕਰ ਦਿੱਤੀ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਧਾਰ ਘੱਟ ਲਵੇ, ਖਰਚਾ ਜ਼ਿਆਦਾ ਕਰੇ। ਗਰੀਬ ਨੂੰ ਪੈਸੇ ਦੇਵੇ। ਉਦਯੋਗਪਤੀਆਂ ਦੇ ਟੈਕਸ ਵਿਚ ਕੋਈ ਕਮੀ ਨਾ ਕੀਤੀ ਜਾਵੇ। ਮੀਡੀਆ ਜ਼ਰੀਏ ਰੁਖ ਬਦਲਣ ਦੀ ਕੋਸ਼ਿਸ਼ ਅਰਥਵਿਵਸਥਾ ਦੀ ਕਮੀ ਨੂੰ ਲੁਕੋ ਨਹੀਂ ਸਕਦੀ।

ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ‘ਮੈਂ ਜੋ ਮਹੀਨਿਆਂ ਤੋਂ ਕਹਿ ਰਿਹਾ ਹਾਂ, ਆਰਬੀਆਈ ਨੇ ਉਸ ਦੀ ਪੁਸ਼ਟੀ ਕਰ ਦਿੱਤੀ ਹੈ’। ਉਹਨਾਂ ਕਿਹਾ ਕਿ ‘ਮੀਡੀਆ ਜ਼ਰੀਏ ਰੁਖ ਮੋੜਨ ਨਾਲ ਗਰੀਬਾਂ ਨੂੰ ਮਦਦ ਨਹੀਂ ਮਿਲੇਗੀ ਜਾਂ ਆਰਥਕ ਆਪਦਾ ਗਾਇਬ ਨਹੀਂ ਹੋਵੇਗੀ’। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਕਾਬੂ ਰੱਖਣ ਲਈ 25 ਮਾਰਚ ਨੂੰ ਪੂਰੇ ਦੇਸ਼ ਵਿਚ ਲੌਕਡਾਊਨ ਲਗਾਇਆ ਸੀ।

 

 

ਉਸ ਤੋਂ ਬਾਅਦ ਮਈ ਵਿਚ ਇਸ ਲੌਕਡਾਊਨ ਵਿਚ ਛੋਟ ਦਿੱਤੀ ਗਈ। ਪਰ ਕੁਝ ਸੂਬਿਆਂ ਵਿਚ ਕੋਵਿਡ-19 ਦਾ ਪ੍ਰਸਾਰ ਵਧਣ ਕਾਰਨ ਫਿਰ ਤੋਂ ਲੌਕਡਾਊਨ ਲਗਾਇਆ ਗਿਆ। ਰਿਜ਼ਰਵ ਬੈਂਕ ਦੀ ਮੰਗਲਵਾਰ ਨੂੰ ਜਾਰੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੁਣ ਤੱਕ ਪ੍ਰਾਪਤ ਅੰਕੜਿਆਂ ਵਿਚ ਜੋ ਸੰਕੇਤ ਮਿਲਦੇ ਹਨ ਉਹ ਗਤੀਵਿਧੀਆਂ ਵਿਚ ਕਮੀ ਆਉਣ ਵੱਲ ਇਸ਼ਾਰਾ ਕਰਦੇ ਹਨ।

ਰਾਸ਼ਟਰੀ ਅੰਕੜਾ ਦਫਤਰ ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਜੀਡੀਪੀ ਅਨੁਮਾਨਾਂ ਨੂੰ 31 ਅਗਸਤ ਨੂੰ ਜਾਰੀ ਕਰੇਗਾ। ਹਾਲਾਂਕਿ ਰਿਜ਼ਰਵ ਬੈਂਕ ਨੇ ਅਪਣੀ ਸਾਲਾਨਾ ਰਿਪੋਰਟ ਵਿਚ ਆਰਥਿਕ ਵਿਕਾਸ ਬਾਰੇ ਕੋਈ ਅਨੁਮਾਨ ਨਹੀਂ ਦਿੱਤਾ ਹੈ।