ਨਵੀਂ ਦਿੱਲੀ: 1 ਅਕਤੂਬਰ ਤੋਂ ਦੇਸ਼ ਵਿਚ ਕਈ ਅਹਿਮ ਬਦਲਾਅ ਹੋਣ ਜਾ ਰਹੇ ਹਨ, ਇਹਨਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਅਕਤੂਬਰ ਮਹੀਨੇ ਵਿਚ ਕਈ ਨਵੇਂ ਨਿਯਮ ਵੀ ਬਣਨ ਜਾ ਰਹੇ ਹਨ, ਇਸ ਦੇ ਨਾਲ ਹੀ ਕੁਝ ਚੀਜ਼ਾਂ ਸਸਤੀਆਂ ਤੇ ਕੁਝ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕੀ ਹਨ ਇਹ ਬਦਲਾਅ-
ਨਹੀਂ ਮਿਲੇਗਾ ਮੁਫ਼ਤ ਐਲਪੀਜੀ ਸਿਲੰਡਰ
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਦੀ ਸਹੂਲਤ 30 ਸਤੰਬਰ 2020 ਨੂੰ ਖਤਮ ਹੋਣ ਜਾ ਰਹੀ ਹੈ। ਸਰਕਾਰ ਦੀ ਇਸ ਯੋਜਨਾ ਤਹਿਤ ਗਰੀਬਾਂ ਨੂੰ ਮੁਫ਼ਤ ਐਲਪੀਜੀ ਕਨੈਕਸ਼ਨ ਦਿੱਤਾ ਜਾਂਦਾ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਯੋਜਨਾ ਨੂੰ 30 ਸਤੰਬਰ ਤੱਕ ਵਧਾਇਆ ਗਿਆ ਸੀ। ਉੱਥੇ ਹੀ ਇਕ ਅਕਤੂਬਰ ਨੂੰ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਅਤੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵੀ ਫਿਰ ਤੋਂ ਤੈਅ ਹੋਣਗੀਆਂ।
ਮਠਿਆਈ ਵੇਚਣ ਵਾਲਿਆਂ ਲਈ ਨਵਾਂ ਨਿਯਮ
ਖਾਣ-ਪੀਣ ਦੇ ਸਮਾਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਸਰਕਾਰ ਨੇ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਨਵੇਂ ਨਿਯਮ ਜਾਰੀ ਕੀਤੇ। ਇਕ ਅਕਤੂਬਰ 2020 ਤੋਂ ਬਾਅਦ ਸਥਾਨਕ ਮਠਿਆਈ ਦੀਆਂ ਦੁਕਾਨਾਂ ਨੂੰ ਵਿਕਰੀ ਲਈ ਰੱਖੀ ਗਈ ਮਠਿਆਈ ‘ਤੇ ‘ਬਣਾਉਣ ਦੀ ਤਰੀਕ’ ਅਤੇ ਵਰਤੋਂ ਲਈ ਉਚਿਤ ਮਿਆਦ ਆਦਿ ਜਾਣਕਾਰੀ ਪ੍ਰਦਰਸ਼ਿਤ ਕਰਨੀ ਹੋਵੇਗੀ।
ਅਗਲੇ ਮਹੀਨੇ ਘਰ ਬੈਠੇ ਮਿਲਣਗੀਆਂ ਵਿੱਤੀ ਸਹੂਲਤਾਂ
ਅਗਲੇ ਮਹੀਨੇ ਬੈਂਕ ਗਾਹਕਾਂ ਨੂੰ ਘਰ ਬੈਠੇ ਮਿਲਣ ਵਾਲੀਆਂ ਸਹੂਲਤਾਂ ਵਿਚ ਵੀ ਵਾਧਾ ਕਰਨਗੇ। ਐਫਡੀ ਦੇ ਵਿਆਜ ‘ਤੇ ਲੱਗਣ ਵਾਲੇ ਟੈਕਸ ਬਚਾਉਣ ਲਈ ਜਮਾਂ ਕੀਤੇ ਜਾਣ ਵਾਲੇ ਫਾਰਮ-15G ਅਤੇ 15H, ਆਮਦਨ ਕਰ ਜਾਂ ਜੀਐਸਟੀ ਚਲਾਣ ਕਰਨ ਆਦਿ ਸਹੂਲਤਾਂ ਘਰ ‘ਤੇ ਹੀ ਉਪਲਬਧ ਹੋਣਗੀਆਂ। ਡੋਰਸਟੈੱਪ ਬੈਂਕਿੰਗ ਸਰਵਿਸ ਲਾਂਚ ਹੋਣ ਤੋਂ ਬਾਅਦ ਅਕਤੂਬਰ ਵਿਚ ਵਿੱਤੀ ਸੇਵਾਵਾਂ ਘਰ ‘ਤੇ ਹੀ ਉਪਲਬਧ ਹੋਣਗੀਆਂ
ਮਹਿੰਗੇ ਹੋਣਗੇ ਟੀਵੀ ਸੈਟ
1 ਅਕਤੂਬਰ ਤੋਂ ਟੀਵੀ ਬਣਾਉਣ 'ਚ ਵਰਤੇ ਜਾਣ ਵਾਲੇ ਓਪਨ ਸੈੱਲ ਦੀ ਦਰਾਮਦ 'ਤੇ ਸਰਕਾਰ 5 ਫੀਸਦੀ ਕਸਟਮ ਡਿਊਟੀ ਲਗਾਉਣ ਜਾ ਰਹੀ ਹੈ। ਇਸ ਦੇ ਪਿੱਛੇ ਦਾ ਮਕਸਦ ਦਰਾਮਦ ਨੂੰ ਸੀਮਤ ਕਰਕੇ ਸਥਾਨਕ ਨਿਰਮਾਣ ਨੂੰ ਵਾਧਾ ਦੇਣਾ ਹੈ। ਟੈਲੀਵਿਜ਼ਨ ਉਦਯੋਗ ਦਾ ਕਹਿਣਾ ਹੈ ਕਿ 32 ਇੰਚ ਦੇ ਟੀਵੀ ਦੀ ਕੀਮਤ 600 ਰੁਪਏ ਅਤੇ 42 ਇੰਚ ਟੀਵੀ ਦੀ ਕੀਮਤ ਵਿਚ 1200 ਤੋਂ 1500 ਰੁਪਏ ਦਾ ਵਾਧਾ ਹੋਵੇਗਾ।
ਜੀਐਸਟੀ ਪਰੀਸ਼ਦ ਦੀ ਬੈਠਕ
ਪੰਜ ਅਕਤੂਬਰ ਨੂੰ ਜੀਐਸਟੀ ਪਰੀਸ਼ਦ ਦੀ ਬੈਠਕ ਹੋਵੇਗੀ। ਇਹ ਬੈਠਕ ਪਹਿਲਾਂ 19 ਸਤੰਬਰ ਨੂੰ ਹੋਣੀ ਸੀ ਪਰ ਇਸ ਨੂੰ ਅੱਗੇ ਕਰ ਦਿੱਤਾ ਗਿਆ। ਇਹ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕੇਂਦਰ ਅਤੇ ਸੂਬਿਆਂ ਵਿਚਕਾਰ ਜੀਐਸਟੀ ਦੇ ਬਕਾਏ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।