"ਗਰੀਬ ਲੋਕਾਂ ਦਾ ਬੱਸ ਇਸੇ ਤਰ੍ਹਾਂ ਖੂਨ ਚੂਸਨਾ ਜਾਣਦੀ ਹੈ ਸਰਕਾਰ"

ਏਜੰਸੀ

ਖ਼ਬਰਾਂ, ਵਪਾਰ

ਪਬਲਿਕ ਆਡੀਨੈਂਸ ਸੈਲ ਚੇਅਰਮੈਨ ਗੁਰਜੀਤ ਸਿੰਘ ਸੰਧੂ ਦੀ ਟੀਮ ਨੇ ਵੱਡੀ ਗਿਣਤੀ...

Amritsar Petrol Pump Bharatiya Janata Party (BJP) Narendra Modi

ਅੰਮ੍ਰਿਤਸਰ: ਲਗਾਤਾਰ 21ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਜਿਸ ਨੂੰ ਲੈ ਕੇ ਲੋਕ ਹੁਣ ਸੜਕਾਂ ਤੇ ਉਤਰ ਆਏ ਹਨ ਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੰਮ੍ਰਿਤਸਰ ਵਿਚ ਵੀ ਇਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕਾਂ ਨੇ ਹੱਥਾਂ ਵਿਚ ਬੈਨਰ ਫੜ ਕੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਿਰ ਕੀਤਾ।

ਪਬਲਿਕ ਆਡੀਨੈਂਸ ਸੈਲ ਚੇਅਰਮੈਨ ਗੁਰਜੀਤ ਸਿੰਘ ਸੰਧੂ ਦੀ ਟੀਮ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਸੜਕ ਤੇ ਰੋਸ ਪ੍ਰਦਰਸ਼ਨ ਕੀਤਾ ਹੈ। ਉਹਨਾਂ ਦਸਿਆ ਕਿ ਕੋਰੋਨਾ ਵਰਗੀ ਮਹਾਂਮਾਰੀ ਦੇ ਚਲਦੇ ਮੋਦੀ ਸਰਕਾਰ ਦੀਆਂ ਖੂਨ ਪੀਣੀਆਂ ਨੀਤੀਆਂ ਲੋਕਾਂ ਸਾਹਮਣੇ ਆ ਚੁੱਕੀਆਂ ਹਨ ਤੇ ਇਹ ਸਰਕਾਰ ਲੋਕਾਂ ਨਾਲ ਧੱਕਾ ਕਰਦੀ ਆ ਰਹੀ ਹੈ। ਇਸ ਸਰਕਾਰ ਨੇ ਜੀਐਸਟੀ ਲਗਾਈ ਉਸ ਤੋਂ ਬਾਅਦ ਨੋਟਬੰਦੀ ਕੀਤੀ।

ਇਹ ਤਾਨਾਸ਼ਾਹ ਸਰਕਾਰ ਹੈ ਤੇ ਇਹੀ ਲੋਕ ਇਸ ਨੂੰ ਚਲਾ ਰਹੇ ਹਨ। ਉਹ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਅੰਮ੍ਰਿਤਸਰ ਵਿਚ ਜਿੰਨੇ ਵੀ ਲੀਡਰ ਹਨ ਉਹਨਾਂ ਦੇ ਘਰ ਅੱਗੇ ਜਾ ਕੇ ਪ੍ਰਦਰਸ਼ਨ ਕਰ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਲੋਕਾਂ ਦੇ ਹੱਕ ਵਿਚ ਖੜ੍ਹਨ। ਅਜਿਹਾ ਕਰ ਕੇ ਉਹ ਸਰਕਾਰ ਅੱਗੇ ਮੰਗ ਰੱਖਣਗੇ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ।

ਪਾਕਿਸਤਾਨ ਨੇ ਵੀ ਗਰੀਬ ਹੋਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਤੇ ਉਹਨਾਂ ਨੇ ਲੋਕਾਂ ਦਾ ਸਾਥ ਦਿੱਤਾ ਹੈ ਪਰ ਭਾਰਤ ਦੀ ਸਰਕਾਰ ਨੇ ਅਜਿਹੀਆਂ ਨੀਤੀਆਂ ਅਪਣਾਈਆਂ ਹੋਈਆਂ ਹਨ ਜਿਹਨਾਂ ਨਾਲ ਹਰ ਪਾਸੋਂ ਗਰੀਬ ਅਤੇ ਆਮ ਲੋਕਾਂ ਨੂੰ ਹੀ ਮਾਰਿਆ ਜਾ ਰਿਹਾ ਹੈ। ਉਹ ਅਤੇ ਹੋਰ ਸਾਰੇ ਲੋਕ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ।

ਦਸ ਦਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ ਲਗਾਤਾਰ 21ਵੇਂ ਦਿਨ ਵਾਧਾ ਕੀਤਾ ਹੈ। ਦਿੱਲੀ ਵਿਚ ਹੁਣ ਪੈਟਰੋਲ 80 ਤੋਂ ਪਾਰ ਹੋ ਗਿਆ ਹੈ, ਜਦਕਿ ਡੀਜ਼ਲ ਤਾਂ ਪਹਿਲਾਂ ਹੀ ਇਹ ਅੰਕੜਾ ਪਾਰ ਕਰ ਚੁੱਕਾ ਹੈ। ਸ਼ਨੀਵਾਰ ਨੂੰ ਪੈਟਰੋਲ 25 ਪੈਸੇ ਮਹਿੰਗਾ ਹੋਇਆ ਹੈ ਅਤੇ ਉੱਥੇ ਹੀ ਡੀਜ਼ਲ ਦੀ ਕੀਮਤ ਵਿਚ 21 ਪੈਸੇ ਦਾ ਇਜ਼ਾਫਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ 80.13 ਰੁਪਏ ਤੋਂ ਵਧ ਕੇ 80.38 ਪ੍ਰਤੀ ਲੀਟਰ ਹੋ ਗਈ ਹੈ।

ਉੱਥੇ ਹੀ ਡੀਜ਼ਲ 80.40 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਦਿੱਲੀ ਵਿਚ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਹੋ ਚੁੱਕੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਸਬਜ਼ੀ ਅਤੇ ਫ਼ਲ ਬਜ਼ਾਰਾਂ ਵਿਚ ਵਸਤੂਆਂ ਦੀ ਵਿਕਰੀ ਪ੍ਰਭਾਵਿਤ ਹੁੰਦੀ ਹੈ।

ਸਮਾਚਾਰ ਏਜੰਸੀ ਏਐਨਆਈ ਅਨੁਸਾਰ ਦਿੱਲੀ ਦੇ ਆਜ਼ਾਦਪੁਰ ਸਬਜ਼ੀ ਮੰਡੀ ਵਿਚ ਇਕ ਸਬਜ਼ੀ ਵੇਚਣ ਵਾਲੇ ਦਾ ਕਹਿਣਾ ਸੀ ਕਿ ਜਦੋਂ ਤੋਂ ਟ੍ਰਾਂਸਪੋਰਟੇਸ਼ਨ ਦਾ ਚਾਰਜ ਵਧਿਆ ਹੈ ਉਦੋਂ ਦਾ ਬਜ਼ਾਰ ਮਹਿੰਗਾ ਹੋ ਗਿਆ ਅਤੇ ਵਿਕਰੀ ਘਟ ਹੋਈ ਹੈ। ਦੱਸ ਦੇਈਏ ਕਿ ਭਾਰਤ ਵਿਚ ਤੇਲ ਦੀਆਂ ਕੀਮਤਾਂ ਇਕ ਸਮੇਂ ਵਧ ਰਹੀਆਂ ਹਨ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਨਰਮ ਹਨ, ਇਸ ਦੇ ਬਾਵਜੂਦ ਤੇਲ ਕੰਪਨੀਆਂ ਆਪਣੇ ਹਾਸ਼ੀਏ ਨੂੰ ਬਿਹਤਰ ਬਣਾਉਣ ਲਈ ਕੀਮਤਾਂ ਵਿਚ ਵਾਧਾ ਕਰ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।