ਭਾਰਤ ਨੇ ਇਸ ਸਾਲ 100 ਤੋਂ ਜ਼ਿਆਦਾ ਵਾਰ ਕੀਤਾ ਇੰਟਰਨੈਟ ਬੰਦ

ਏਜੰਸੀ

ਖ਼ਬਰਾਂ, ਵਪਾਰ

5 ਸਾਲਾਂ ‘ਚ ਅਰਥਵਿਵਸਥਾ ਨੂੰ ਹੋਇਆ 3 ਬਿਲੀਅਨ ਡਾਲਰ ਦਾ ਨੁਕਸਾਨ

Photo

ਨਵੀਂ ਦਿੱਲੀ: ਇੰਟਰਨੈੱਟ ਸ਼ਟਡਾਊਨ ਦਾ ਮਤਲਬ ਹੈ ਕਿ ਇਕ ਹੀ ਥਾਂ ‘ਤੇ ਇੰਟਰਨੈੱਟ ਦਾ ਬੰਦ ਹੋ ਜਾਣਾ ਜਾਂ ਇਕ ਹੀ ਲੋਕੇਸ਼ਨ ‘ਤੇ ਇੰਟਰਨੈੱਟ ਨੂੰ ਬੰਦ ਕਰ ਦੇਣਾ। ਇਕ ਰਿਪੋਰਟ ਮੁਤਾਬਕ ਦੇਸ਼ ’ਚ ਇਸ ਸਾਲ ਵੀਰਵਾਰ ਨੂੰ 95ਵੀਂ ਵਾਰ ਇੰਟਰਨੈੱਟ ਬੰਦ ਹੋਇਆ ਹੈ। ਅਜਿਹਾ ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਨਾਗਰਿਕਤਾ ਸੋਧ ਕਾਨੂੰਨ (CCA) ਖਿਲਾਫ ਪ੍ਰਦਰਸ਼ਨ ਦੇ ਚੱਲਦੇ ਕੀਤਾ ਗਿਆ ਸੀ। ਹਾਲ ਹੀ ਦੇ ਸਮੇਂ ਵਿਚ ਦੇਖੀਏ ਤਾਂ ਦੇਸ਼ ਦੇ ਕਈ ਹਿੱਸਿਆਂ ਵਿਚ ਇੰਟਰਨੈੱਟ ਬੰਦ ਹੈ।

ਇੰਟਰਨੈੱਟ ਬੰਦ ਕਾਰਨ ਭਾਰਤੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਵੀ ਹੋਇਆ ਹੈ। ਸਾਲ 2012 ਤੋਂ ਸਰਕਾਰ ਨੇ ਦੇਸ਼ ’ਚ 367 ਵਾਰ ਇੰਟਰਨੈੱਟ ਬੰਦ ਕੀਤਾ। ਖਾਸ ਗੱਲ ਇਹ ਹੈ ਕਿ ਸਾਲ 2018 ’ਚ ਦੁਨੀਆ ਭਰ ਦੇ ਇੰਟਰਨੈੱਟ ਸ਼ਟਡਾਊਨ ਦਾ 67 ਫੀਸਦੀ ਸਿਰਫ਼ ਭਾਰਤ ’ਚ ਹੋਇਆ। ਜਨਵਰੀ 2012 ਤੋਂ ਜਨਵਰੀ 2019 ਦੇ ਵਿਚਕਾਰ 60 ਵਾਰ 24 ਘੰਟੋਂ ਤੋਂ ਘੱਟ ਸਮੇਂ ਦਾ ਇੰਟਰਨੈੱਟ ਸ਼ਟਡਾਊਨ ਹੋਇਆ।

ਉਥੇ ਹੀ 55 ਵਾਰ 24-72 ਘੰਟੇ ਲਈ ਇੰਟਰਨੈੱਟ ਬੰਦ ਕੀਤਾ ਗਿਆ। 39 ਵਾਰ 72 ਘੰਟੇ ਤੋਂ ਜ਼ਿਆਦਾ ਸਮੇਂ ਲਈ ਇੰਟਰਨੈੱਟ ਬੰਦ ਹੋਇਆ। ਉਥੇ ਹੀ ਸਾਲ 2012 ਤੋਂ 2017 ਦੇ ਵਿਚਕਾਰ 16 ਹਜ਼ਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਇੰਟਰਨੈੱਟ ਬੰਦ ਰਿਹਾ।  ਕਸ਼ਮੀਰ ’ਚ ਸਭ ਤੋਂ ਲੰਬੇ ਸਮੇਂ ਦਾ ਇੰਟਰਨੈੱਟ ਸ਼ਟਡਾਊਨ ਚੱਲ ਰਿਹਾ ਹੈ। ਇਥੇ 5 ਅਗਸਤ ਨੂੰ ਇੰਟਰਨੈੱਟ ਬੰਦ ਕੀਤਾ ਗਿਆ ਸੀ, ਜੋ ਹੁਣ ਵੀ ਜਾਰੀ ਹੈ।

ਇਸ ਦਾ ਮਤਲਬ ਹੈ ਕਿ ਇਥੇ ਲਗਭਗ 140 ਦਿਨਾਂ ਤੋਂ ਇੰਟਰਨੈੱਟ ਬੰਦ ਹੈ। ਇੰਟਰਨੈੱਟ ਬੰਦ ਹੋਣ ਵਾਲੇ ਸੂਬਿਆਂ ’ਚ ਜੰਮੂ-ਕਸ਼ਮੀਰ ਸਭ ਤੋਂ ਅੱਗੇ ਹੈ। 2012 ਤੋਂ 2019 ਤਕ ਇੰਟਰਨੈੱਟ ਬੰਦ ਕੀਤੇ ਜਾਣ ਵਾਲੇ ਟਾਪ ਰਾਜਾਂ ’ਚ ਜੰਮੂ-ਕਸ਼ਮੀਰ, ਰਾਜਸਥਾਨ, ਯੂ.ਪੀ., ਹਰਿਆਣਾ, ਬਿਹਾਰ ਅਤੇ ਗੁਜਰਾਤ ਸ਼ਾਮਲ ਹਨ। ਜੰਮੂ-ਕਸ਼ਮੀਰ ’ਚ 180 ਵਾਰ, ਰਾਜਸਥਾਨ ’ਚ 67 ਵਾਰ, ਯੂ.ਪੀ. ’ਚ 20 ਵਾਰ, ਹਰਿਆਣਾ ’ਚ 13 ਵਾਰ, ਬਿਹਾਰ ’ਚ 11 ਵਾਰ ਅਤੇ ਗੁਜਰਾਤ ’ਚ 11 ਵਾਰ ਇੰਟਰਨੈੱਟ ਬੰਦ ਹੋਇਆ।

ਉਥੇ ਹੀ 2012 ਤੋਂ 2019 ਵਿਚਕਾਰ ਦੇਸ਼ ਭਰ ’ਚ ਕੁਲ 367 ਵਾਰ ਇੰਟਰਨੈੱਟ ਬੰਦ ਹੋਇਆ ਹੈ। ਇੰਟਰਨੈੱਟ ਬੰਦ ਕੀਤੇ ਜਾਣ ’ਚ ਸਭ ਤੋਂ ਜ਼ਿਆਦਾ ਆਰਥਿਕ ਨੁਕਸਾਨ ਗੁਜਰਾਤ ਨੂੰ ਹੋਇਆ। ਸਾਲ 2012 ਤੋਂ 2017 ਦੇ ਅੰਕੜਿਆਂ ਮੁਤਾਬਕ, ਗੁਜਰਾਤ ਨੂੰ 1177,5 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

ਉਥੇ ਹੀ, ਜੰਮੂ-ਕਸ਼ਮੀਰ ਨੂੰ 610.2 ਮਿਲੀਅਨ ਡਾਲਰ, ਹਰਿਆਣਾ ਨੂੰ 429.2 ਮਿਲੀਅਨ ਡਾਲਰ, ਰਾਜਸਥਾਨ ਨੂੰ 182.9 ਮਿਲੀਅਨ ਡਾਲਰ, ਯੂ.ਪੀ. ਨੂੰ 53 ਮਿਲੀਅਨ ਡਾਲਰ ਅਤੇ ਬਿਹਾਰ ਨੂੰ 51.9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। 2012 ਤੋਂ 2017 ਵਿਚਕਾਰ ਇੰਟਰਨੈੱਟ ਬੈਨ ਹੋਣ ਨਾਲ ਸਾਰੇ ਸੂਬਿਆਂ ਦਾ ਕੁਲ ਆਰਥਿਕ ਨੁਕਸਾਨ 3 ਬਿਲੀਅਨ ਡਾਲਰ ਰਿਹਾ। ਦੱਸ ਦਈਏ ਕਿ ਜੰਮੂ-ਕਸ਼ਮੀਰ ਦਾ ਡਾਟਾ ਉਸ ਦੀ ਵੰਡ ਤੋਂ ਪਹਿਲਾਂ ਦਾ ਹੈ।