ਬਿਜਲੀ-ਪਾਣੀ ਤੋਂ ਬਾਅਦ ਹੁਣ ਦਿੱਲੀ ਵਾਸੀਆਂ ਨੂੰ ਇੰਟਰਨੈਟ ਵੀ ਮਿਲੇਗਾ ਮੁਫ਼ਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰੇਕ ਯੂਜਰ ਨੂੰ ਹਰ ਮਹੀਨੇ 15 ਜੀਬੀ ਡਾਟਾ ਮੁਫ਼ਤ ਮਿਲੇਗਾ

Arvind Kejriwal announces free Wi-Fi in Delhi

ਨਵੀਂ ਦਿੱਲੀ : ਔਰਤਾਂ ਲਈ ਮੈਟਰੋ ਅਤੇ ਡੀਟੀਸੀ ਬਸਾਂ 'ਚ ਮੁਫ਼ਤ ਸਵਾਰੀ ਤੇ ਮੁਫ਼ਤ ਬਿਜਲੀ ਦੇ ਐਲਾਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮੁਫ਼ਤ ਇੰਟਰਨੈਟ ਵੀ ਦੇਣ ਜਾ ਰਹੀ ਹੈ। ਦਿੱਲੀ ਸਰਕਾਰ ਨੇ ਵੀਰਵਾਰ ਨੂੰ ਕੈਬਨਿਟ ਦੀ ਬੈਠਕ 'ਚ ਕਈ ਅਹਿਮ ਫ਼ੈਸਲੇ ਲਏ ਹਨ। ਇਸ ਦੇ ਤਹਿਤ ਸਰਕਾਰ ਨੇ ਹਰੇਕ ਵਿਧਾਨ ਸਭਾ ਖੇਤਰ 'ਚ 2000 ਹੋਰ ਸੀਸੀਵੀਟੀ ਲਗਾਉਣ ਅਤੇ ਪੂਰੀ ਦਿੱਲੀ 'ਚ 11,000 ਹਾਟਸਪਾਟ ਲਗਾਉਣ ਦਾ ਐਲਾਨ ਕੀਤਾ ਹੈ। ਹਰੇਕ ਯੂਜਰ ਨੂੰ ਹਰ ਮਹੀਨੇ 15 ਜੀਬੀ ਡਾਟਾ ਮੁਫ਼ਤ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਅਗਲੇ 3-4 ਮਹੀਨੇ 'ਚ ਲੋਕਾਂ ਨੂੰ ਇਹ ਸੁਵਿਧਾ ਮਿਲਣ ਲੱਗ ਜਾਵੇਗੀ।

ਕੈਬਨਿਟ ਬੈਠਕ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਾਲੇ ਦਿੱਲੀ 'ਚ ਹਰ ਵਿਧਾਨ ਸਭਾ 'ਚ 2000 ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਹੋ ਰਿਹਾ ਸੀ। ਲੋਕਾਂ ਦੀ ਭਾਰੀ ਮੰਗ 'ਚ ਹੁਣ ਪੂਰੀ ਦਿੱਲੀ 'ਚ 1 ਲੱਖ 40 ਹਜ਼ਾਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਮਤਲਬ ਹਰੇਕ ਵਿਧਾਨ ਸਭਾ 'ਚ 2000 ਸੀਸੀਟੀਵੀ ਕੈਮਰੇ ਹੋਰ ਲੱਗਣਗੇ।

ਕੇਜਰੀਵਾਲ ਨੇ ਕਿਹਾ, "ਕਈ ਸਾਰੇ ਮਾਮਲੇ ਸਾਹਮਣੇ ਆਏ ਹਨ, ਜਦੋਂ ਇਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰੀਆਂ ਫੜੀਆਂ ਗਈਆਂ ਹਨ। ਹਰੇਕ ਵਿਧਾਨ ਸਭਾ ਖੇਤਰ 'ਚ 2000 ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਹ ਦਿੱਲੀ ਦੀਆਂ ਔਰਤਾਂ ਨੂੰ ਸੁਰੱਖਿਅਤ ਰੱਖਣ 'ਚ ਬਹੁਤ ਕਾਰਗਰ ਸਾਬਤ ਹੋਣਗੇ।" ਪਿਛਲੇ ਦਿਨੀਂ ਕੇਜਰੀਵਾਲ ਸਰਕਾਰ ਨੇ ਦਿੱਲੀ 'ਚ 200 ਯੂਨਿਟ ਤਕ ਬਿਜਲੀ ਵੀ ਮੁਫ਼ਤ ਕਰ ਦਿੱਤੀ ਹੈ। 20 ਹਜ਼ਾਰ ਲੀਟਰ ਪਾਣੀ ਤਾਂ ਉਦੋਂ ਤੋਂ ਮੁਫ਼ਤ ਦਿੱਤਾ ਜਾ ਰਿਹਾ ਹੈ, ਜਦੋਂ ਤੋਂ ਆਪ ਸਰਕਾਰ ਬਣੀ ਹੈ। 

ਯੋਜਨਾ ਮੁਤਾਬਕ ਦਿੱਲੀ ਦੇ 70 ਵਿਧਾਨ ਸਭਾ ਖੇਤਰਾਂ 'ਚ ਹਰੇਕ ਵਿਚ ਲਗਭਗ 100 ਹਾਟਸਪਾਟ ਲੱਗਣਗੇ। ਇਨ੍ਹਾਂ ਦੇ ਰਾਊਟਰ ਜਨਤਕ ਥਾਵਾਂ 'ਤੇ ਲਗਾਏ ਜਾਣਗੇ, ਜਿਵੇਂ ਮੁਹੱਲਾ ਕਲੀਨਿਕ ਪਾਰਕ, ਮਾਰਕਿਟ ਜਾਂ ਬਿਲਡਿੰਗਾਂ ਨੇੜੇ। ਇਸ ਤੋਂ ਇਲਾਵਾ ਬੱਸ ਅੱਡਿਆਂ 'ਤੇ ਵੀ 4000 ਹਾਟਸਪਾਟ ਲਗਾਏ ਜਾਣਗੇ। ਹਾਟਸਪਾਟ ਦੇ ਆਸਪਾਸ 50 ਮੀਟਰ ਦੇ ਦਾਇਰੇ 'ਚ ਲੋਕ ਵਾਈ-ਫਾਈ ਦੀ ਸਹੂਲਤ ਲੈ ਸਕਣਗੇ। ਜ਼ਿਕਰਯੋਗ ਹੈ ਕਿ 2015 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਮਦੀ ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਵਾਈ-ਫ਼ਾਈ ਦੇਣ ਦਾ ਵਾਅਦਾ ਕੀਤਾ ਸੀ।

Related Stories