ਸਮਿੰਟ ਵਿਕਰੀ 9 ਸਾਲ ਦੇ ਉੱਚ ਪੱਧਰ 'ਤੇ

ਏਜੰਸੀ

ਖ਼ਬਰਾਂ, ਵਪਾਰ

ਅਲਟ੍ਰਾਟੈੱਕ ਦੇ ਉਤਪਾਦਨ 'ਚ ਸਾਲ ਭਰ 21 ਫ਼ੀ ਸਦੀ ਦਾ ਵਾਧਾ ਹੋਇਆ

Cement

ਮੁੰਬਈ : ਪਿਛਲੇ ਵਿੱਤੀ ਸਾਲ ਦੌਰਾਨ ਸਮਿੰਟ ਉਦਯੋਗ ਨੇ 9 ਸਾਲ ਦੇ ਅੰਤਰਾਲ ਬਾਅਦ ਪਹਿਲੀ ਵਾਰ ਸਾਲ ਭਰ ਦੋ ਅੰਕਾਂ ਦਾ ਵਾਧਾ ਦਰਜ ਕੀਤਾ ਕਿਉਂਕਿ ਸਰਕਾਰੀ ਯੋਜਨਾਵਾਂ ਕਾਰਨ ਪੇਂਡੂ ਨਿਵਾਸ ਦੀ ਮੰਗ ਨੂੰ ਰਫ਼ਤਾਰ ਮਿਲੀ ਹੈ। ਸੀਮੈਂਟ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਮੰਗ ਨਾਲ ਮੰਗ-ਪੂਰਤੀ ਦੇ ਫਰਕ ਨੂੰ ਘੱਟ ਕਰਨ 'ਚ ਸਹਾਇਤਾ ਮਿਲੀ ਹੈ। ਕੰਪਨੀਆਂ ਅਤੇ ਰੇਟਿੰਗ ਏਜੰਸੀਆਂ ਨੇ 2018-19 'ਚ ਸਮਿੰਟ ਵਿਕਰੀ ਵਾਧਾ 12 ਤੋਂ 13 ਫ਼ੀ ਸਦੀ ਦੇ ਦਾਇਰੇ ਵਿਚ ਰਖਿਆ ਹੈ।

ਦੇਸ਼ ਦੀ ਸਮਿੰਟ ਨਿਰਮਾਤਾ ਕੰਪਨੀ ਅਲਟ੍ਰਾਟੈੱਕ ਨੇ ਦਸਿਆ ਕਿ ਉਦਯੋਗ ਨੇ ਪੂਰੇ ਸਾਲ ਦੌਰਾਨ ਦੋ ਅੰਕਾਂ ਦੇ ਵਿਕਰੀ ਵਾਧੇ ਨਾਲ ਬਿਹਤਰ ਪ੍ਰਦਰਸ਼ਨ ਕੀਤਾ ਹੈ। ਵਿੱਤੀ ਸਾਲ 10 ਦੇ ਬਾਅਦ ਤੋਂ ਅਜਿਹਾ ਪਹਿਲੀ ਵਾਰ ਹੋਇਆ ਹੈ। ਸਿਰਫ ਅਲਟ੍ਰਾਟੈੱਕ ਦੇ ਉਤਪਾਦਨ 'ਚ ਸਾਲ ਭਰ 21 ਫ਼ੀ ਸਦੀ ਦਾ ਵਾਧਾ ਹੋਇਆ ਜਿਹੜਾ ਕਿ ਉਦਯੋਗ ਦੀ ਔਸਤ ਤੋਂ ਜ਼ਿਆਦਾ ਹੈ।  ਮੌਜੂਦਾ ਵਿੱਤੀ ਸਾਲ 'ਚ ਇਹ ਰੁਖ ਜਾਰੀ ਰਹਿਣ ਦੀ ਉਮੀਦ ਨਹੀਂ ਹੈ।

ਵਿਸ਼ਲੇਸ਼ਕਾਂ ਅਤੇ ਸੀਮੈਂਟ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਅਪ੍ਰੈਲ-ਮਈ 2019 ਦੀ ਮੰਗ ਕਮਜ਼ੋਰ ਰਹੀ ਹੈ। ਵਿੱਤੀ ਸਾਲ ਦੀ ਪਹਿਲੀ ਤਿਮਾਹੀ ਆਮਤੌਰ 'ਤੇ ਸੀਮੈਂਟ ਖੇਤਰ ਲਈ ਮਜ਼ਬੂਤ ਮੰਗ ਵਾਲੀ ਮਿਆਦ ਹੁੰਦੀ ਹੈ। ਹਾਲਾਂਕਿ ਲੋਕ ਸਭਾ ਚੋਣਾਂ ਅਤੇ ਚੋਣ ਜ਼ਾਬਤੇ ਨੇ ਨਿਰਮਾਣ ਗਤੀਵਿਧੀਆਂ ਦੀ ਰਫ਼ਤਾਰ ਨੂੰ ਹੌਲਾ ਕੀਤਾ ਜਿਸ ਕਾਰਨ ਮੰਗ 'ਚ ਨਰਮੀ ਰਹੀ। ਇਕਰਾ ਦੇ ਗੁਰੱਪ ਹੈੱਡ ਸਵਯਸਾਚੀ ਮਜੂਮਦਾਰ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ੱਚ ਸਮਿੰਟ ਦੀ ਵਿਕਰੀ 'ਚ 7-8 ਫ਼ੀ ਸਦੀ ਦਾ ਵਾਧਾ ਹੋ ਸਕਦਾ ਹੈ।