ਅਡਾਨੀ ਗਰੁੱਪ ਤੋਂ ਪਹਿਲਾਂ ਕਈ ਕੰਪਨੀਆਂ ਬਾਰੇ ਖੁਲਾਸੇ ਕਰ ਚੁੱਕਾ ਹੈ ਹਿੰਡਨਬਰਗ, ਕੌਣ ਹੈ ਇਸ ਦਾ ਮਾਲਕ?

ਏਜੰਸੀ

ਖ਼ਬਰਾਂ, ਵਪਾਰ

ਰਿਪੋਰਟ ਵਿਚ ਕੰਪਨੀ 'ਤੇ "ਸ਼ਰੇਆਮ" ਸਟਾਕ ਹੇਰਾਫੇਰੀ ਅਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਸੀ।

Hindenburg has disclosed about many companies before Adani Group



ਨਵੀਂ ਦਿੱਲੀ: 25 ਜਨਵਰੀ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ਬਾਰੇ ਅਮਰੀਕਾ ਦੀ ‘ਹਿੰਡਨਬਰਗ’ ਕੰਪਨੀ ਨੇ ਇਕ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਦਾ ਸਿਰਲੇਖ ਹੈ, ‘ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਕਿਸ ਤਰ੍ਹਾਂ ਕਾਰਪੋਰੇਟ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਕਰ ਰਿਹਾ ਹੈ’। ਇਸ ਰਿਪੋਰਟ ਦੇ ਸਾਹਮਣੇ ਆਉਂਦਿਆਂ ਹੀ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਕਰੀਬ 4 ਲੱਖ ਕਰੋੜ ਰੁਪਏ ਡਿੱਗ ਗਈ।

ਇਸ ਦੇ ਨਾਲ ਹੀ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਤੀਜੇ ਸਥਾਨ ਤੋਂ ਸੱਤਵੇਂ ਸਥਾਨ ’ਤੇ ਆ ਗਏ। ਰਿਪੋਰਟ ਵਿਚ ਕੰਪਨੀ 'ਤੇ "ਸ਼ਰੇਆਮ" ਸਟਾਕ ਹੇਰਾਫੇਰੀ ਅਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਸੀ। ਅਜਿਹੇ ਵਿਚ ਹਰ ਕਿਸੇ ਦੇ ਮਨ ਵਿਚ ਇਹ ਸਵਾਲ ਆ ਰਿਹਾ ਹੈ ਕਿ ‘ਹਿੰਡਨਬਰਗ’ ਕੀ ਹੈ ਅਤੇ ਇਹ ਕੰਪਨੀ ਕੀ ਕਰਦੀ ਹੈ। ਇਸ ਦਾ ਮਾਲਕ ਕੌਣ ਹੈ, ਇਹ ਰਿਪੋਰਟ ਉਸ ਨੇ ਕਿਉਂ ਜਾਰੀ ਕੀਤੀ?

ਆਓ ਜਾਣਦੇ ਹਾਂ ਇਸ ਬਾਰੇ-

 

ਕੌਣ ਹੈ ਹਿੰਡਨਬਰਗ ਦਾ ਮਾਲਕ?

ਹਿੰਡਨਬਰਗ ਦੇ ਮਾਲਕ ਦਾ ਨਾਂਅ ਨਾਥਨ ਐਂਡਰਸਨ ਹੈ। ਕਨੈਕਟੀਕਟ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਵਪਾਰ ਵਿਚ ਬੈਚਲਰ ਡਿਗਰੀ ਹਾਸਲ ਕਰਨ ਤੋਂ ਬਾਅਦ ਨਾਥਨ ਐਂਡਰਸਨ ਨੇ ਇਕ ਡਾਟਾ ਰਿਸਰਚ ਕੰਪਨੀ ਵਿਚ ਨੌਕਰੀ ਕੀਤੀ। ਇਸ ਦੌਰਾਨ ਉਸ ਦਾ ਕੰਮ ਪੈਸਿਆਂ ਦੇ ਨਿਵੇਸ਼ ਪ੍ਰਬੰਧਨ ਨਾਲ ਜੁੜਿਆ ਹੋਇਆ ਸੀ। ਨੌਕਰੀ ਦੌਰਾਨ ਨਾਥਨ ਐਂਡਰਸਨ ਨੇ ਡਾਟਾ ਅਤੇ ਸ਼ੇਅਰ ਮਾਰਕਿਟ ਦੀਆਂ ਬਰੀਕੀਆਂ ਨੂੰ ਸਮਝਿਆ। ਇਸ ਤੋਂ ਬਾਅਦ ਉਸ ਨੇ ਵਿੱਤੀ ਖੋਜ ਕੰਪਨੀ ਖੋਲ੍ਹਣ ਬਾਰੇ ਸੋਚਿਆ ਅਤੇ 2017 ਵਿਚ ਉਸ ਨੇ ‘ਹਿੰਡਨਬਰਗ’ ਨਾਂਅ ਦੀ ਕੰਪਨੀ ਦੀ ਸ਼ੁਰੂਆਤ ਕੀਤੀ। 6 ਮਈ 1937 ਨੂੰ ਹਿੰਡਨਬਰਗ ਨਾਂਅ ਦਾ ਜਰਮਨ ਏਅਰ ਸਪੇਸਸ਼ਿਪ ਬ੍ਰਿਟੇਨ ਦੇ ਮਾਨਚੈਸਟਰ ਸ਼ਹਿਰ ਵਿਚ ਉਡਾਣ ਭਰਦੇ ਸਮੇਂ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿਚ 35 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਤੇ ਕੰਪਨੀ ਦਾ ਨਾਂਅ ਰੱਖਿਆ ਗਿਆ ਹੈ।

ਹਿੰਡਨਬਰਗ ਕੰਪਨੀ ਕੀ ਕਰਦੀ ਹੈ?

ਨਾਥਨ ਐਂਡਰਸਨ ਦੀ ਕੰਪਨੀ 'ਹਿੰਡਨਬਰਗ' ਦਾ ਮੁੱਖ ਕੰਮ ਸਟਾਕ ਮਾਰਕੀਟ, ਇਕੁਇਟੀ, ਕਰੈਡਿਟ ਅਤੇ ਡੈਰੀਵੇਟਿਵਜ਼ 'ਤੇ ਖੋਜ ਕਰਨਾ ਹੈ। ਇਸ ਖੋਜ ਜ਼ਰੀਏ 'ਹਿੰਡਨਬਰਗ' ਕੰਪਨੀ ਪਤਾ ਕਰਦੀ ਹੈ ਕਿ ਕੀ ਸਟਾਕ ਮਾਰਕੀਟ ਵਿਚ ਪੈਸੇ ਦੀ ਕੋਈ ਦੁਰਵਰਤੋਂ ਹੈ? ਕੀ ਵੱਡੀਆਂ ਕੰਪਨੀਆਂ ਆਪਣੇ ਫਾਇਦੇ ਲਈ ਖਾਤਿਆਂ ਦਾ ਦੁਰਪ੍ਰਬੰਧ ਕਰ ਰਹੀਆਂ ਹਨ? ਕੀ ਕੋਈ ਕੰਪਨੀ ਆਪਣੇ ਫਾਇਦੇ ਲਈ ਸ਼ੇਅਰ ਬਜ਼ਾਰ ਵਿਚ ਗਲਤ ਢੰਗ ਨਾਲ ਸੱਟਾ ਲਗਾ ਕੇ ਦੂਜੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ? ਇਸ ਤਰ੍ਹਾਂ ਖੋਜ ਪੂਰੀ ਕਰਨ ਤੋਂ ਬਾਅਦ 'ਹਿੰਡਨਬਰਗ' ਕੰਪਨੀ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕਰਦੀ ਹੈ। ਕਈ ਮੌਕਿਆਂ 'ਤੇ ਇਸ ਕੰਪਨੀ ਦੀਆਂ ਰਿਪੋਰਟਾਂ ਦਾ ਅਸਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ 'ਤੇ ਦੇਖਿਆ ਗਿਆ ਹੈ।

ਪਹਿਲਾਂ ਵੀ ਕਈ ਵੱਡੀਆਂ ਕੰਪਨੀਆਂ ਤੇ ਤਿਆਰ ਕੀਤੀ ਰਿਪੋਰਟ

2020 ਵਿਚ ਇਲੈਕਟ੍ਰਿਕ ਟਰੱਕ ਬਣਾਉਣ ਵਾਲੀ ਅਮਰੀਕੀ ਕੰਪਨੀ ਨਿਕੋਲਾ ਦੇ ਸ਼ੇਅਰਾਂ ਦੀ ਕੀਮਤ ਤੇਜ਼ੀ ਨਾਲ ਵੱਧ ਰਹੀ ਸੀ। ਫਿਰ ਸਤੰਬਰ ਦੇ ਮਹੀਨੇ ਵਿਚ ਹਿੰਡਨਬਰਗ ਨੇ ਨਿਕੋਲਾ ਕੰਪਨੀ ਬਾਰੇ ਇਕ ਰਿਪੋਰਟ ਜਾਰੀ ਕੀਤੀ, ਜਿਸ ਤੋਂ ਬਾਅਦ ਇਸ ਕੰਪਨੀ ਦੇ ਸ਼ੇਅਰ 80% ਤੱਕ ਡਿੱਗ ਗਏ। ਆਪਣੀ ਰਿਪੋਰਟ ਵਿਚ ਹਿੰਡਨਬਰਗ ਨੇ ਦਾਅਵਾ ਕੀਤਾ ਕਿ ਨਿਕੋਲਾ ਨੇ ਨਿਵੇਸ਼ਕਾਂ ਨੂੰ ਆਪਣੀ ਕੰਪਨੀ ਅਤੇ ਵਾਹਨਾਂ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਜਿਵੇਂ ਹੀ ਇਹ ਖਬਰ ਫੈਲੀ ਅਮਰੀਕਾ ਦੇ ਸੁਰੱਖਿਆ ਅਤੇ ਐਕਸਚੇਂਜ ਕਮਿਸ਼ਨ ਨੇ ਨਿਕੋਲਾ ਦੇ ਮਾਲਕ ਖਿਲਾਫ ਧੋਖਾਧੜੀ ਦਾ ਅਪਰਾਧਿਕ ਮਾਮਲਾ ਸ਼ੁਰੂ ਕੀਤਾ। ਨਿਕੋਲਾ ਦੇ ਮਾਲਕ ਟ੍ਰੇਵਰ ਮਿਲਟਨ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ 1,000 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਭਰਨਾ ਪਿਆ ਹੈ। ਜੂਨ 2020 'ਚ ਨਿਕੋਲਾ ਕੰਪਨੀ ਦਾ ਮੁੱਲ 2.77 ਲੱਖ ਕਰੋੜ ਰੁਪਏ ਸੀ, ਜੋ ਕੁਝ ਦਿਨਾਂ ਬਾਅਦ ਘਟ ਕੇ 11 ਹਜ਼ਾਰ ਕਰੋੜ ਰੁਪਏ 'ਤੇ ਆ ਗਿਆ।

ਹਿੰਡਨਬਰਗ ਦੇ ਦੋਸ਼ਾਂ 'ਤੇ ਅਡਾਨੀ ਗਰੁੱਪ ਨੇ ਕੀ ਕਿਹਾ?

ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਸਮੂਹ ਨੇ ਵੱਡੇ ਨੁਕਸਾਨ ਨੂੰ ਦੇਖਦੇ ਹੋਏ ਆਪਣਾ ਸਪੱਸ਼ਟੀਕਰਨ ਦਿੱਤਾ ਹੈ। 26 ਜਨਵਰੀ ਨੂੰ ਅਡਾਨੀ ਗਰੁੱਪ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਡਨਬਰਗ ਰਿਪੋਰਟ ਗਲਤ ਜਾਣਕਾਰੀ ਅਤੇ ਤੱਥਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਸ ਦੇ ਜਾਰੀ ਹੋਣ ਤੋਂ ਬਾਅਦ ਸਾਡੇ ਸ਼ੇਅਰਧਾਰਕਾਂ ਅਤੇ ਨਿਵੇਸ਼ਕਾਂ ਦੀ ਭਾਵਨਾ 'ਤੇ ਬੁਰਾ ਅਸਰ ਪਿਆ ਹੈ। ਅਜਿਹੇ 'ਚ ਹਿੰਡਨਬਰਗ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।