ਜੈਟ ਏਅਰਵੇਜ਼ ਦਾ ਵਿੱਤੀ ਸੰਕਟ ਵਧਿਆ; ਕੁਝ ਰੂਟਾਂ 'ਤੇ ਦੁਗਣਾ ਹੋਇਆ ਹਵਾਈ ਕਿਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਇਲਟਾਂ ਨੇ ਤਨਖ਼ਾਹ ਨਾ ਮਿਲਣ 'ਤੇ 1 ਅਪ੍ਰੈਲ ਤੋਂ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ

Jet Airways

ਨਵੀਂ ਦਿੱਲੀ : ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜੈਟ ਏਅਰਵੇਜ਼ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਇਸ ਏਅਰਲਾਈਨ ਕੰਪਨੀ ਦੇ ਘਰੇਲੂ ਉਡਾਨਾਂ ਵਾਲੇ ਪਾਇਲਟਾਂ ਦੀ ਸੰਸਥਾ ਨੇ ਸਪਸ਼ਟ ਚਿਤਾਵਨੀ ਦੇ ਦਿੱਤੀ ਕਿ ਇਸ ਮਹੀਨੇ ਜੇ ਉਨ੍ਹਾਂ ਨੂੰ ਤਨਖ਼ਾਹ ਨਾ ਮਿਲੀ ਤਾਂ ਉਹ 1 ਅਪ੍ਰੈਲ ਤੋਂ ਹੜਤਾਲ 'ਤੇ ਚਲੇ ਜਾਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜੈਟ ਏਅਰਵੇਜ਼ ਨੇ ਲੀਜ਼ 'ਤੇ ਲਏ ਹਵਾਈ ਜਹਾਜ਼ਾਂ ਦਾ ਕਿਰਾਇਆ ਨਾ ਚੁਕਾਉਣ ਕਾਰਨ 6 ਹੋਰ ਜਹਾਜ਼ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਇਸ ਕਾਰਨ ਜੈਟ ਦੀਆਂ ਦੇਸ਼ ਭਰ 'ਚ ਕਈ ਉਡਾਨਾਂ ਰੱਦ ਹੋ ਗਈਆਂ।

ਕੰਪਨੀ ਦੇ ਹਾਲਤ ਕਿੰਨੇ ਖ਼ਰਾਬ ਹੋ ਚੁੱਕੇ ਹਨ, ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੋਮਵਾਰ ਨੂੰ ਸਿਰਫ਼ ਮੁੰਬਈ ਏਅਰਪੋਰਟ ਤੋਂ ਹੀ ਜੈਟ ਦੀਆਂ 100 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਮੰਗਲਵਾਰ ਨੂੰ ਜੈਟ ਦੇ ਕੁਲ 119 ਜਹਾਜ਼ਾਂ 'ਚੋਂ ਸਿਰਫ਼ 36 ਹੀ ਉਡਾਨ ਭਰ ਸਕੇ ਸਨ। ਉਡਾਨਾਂ ਰੱਦ ਹੋਣ ਕਾਰਨ ਵੱਡੀ ਗਿਣਤੀ 'ਚ ਮੁਸਾਫ਼ਰ ਮੁੰਬਈ ਹਵਾਈ ਅੱਡੇ 'ਤੇ ਹੀ ਫਸ ਗਏ।

ਅਚਾਨਕ ਰੱਦ ਹੋਈਆਂ ਉਡਾਨਾਂ ਕਾਰਨ ਜਹਾਜ਼ਾਂ 'ਚ ਮੁਸਾਫ਼ਰਾਂ ਲਈ ਥਾਂ ਥੁੜਨ ਲੱਗੀ। ਇਸੇ ਕਾਰਨ ਹਵਾਈ ਕਿਰਾਇਆ ਰਾਤੋਂ-ਰਾਤ ਦੁਗਣਾ ਹੋ ਗਿਆ। ਮੁੰਬਈ-ਦਿੱਲੀ, ਮੁੰਬਈ-ਬੰਗਲੁਰੂ, ਮੁੰਬਈ-ਕੋਲਕਾਤਾ ਅਤੇ ਮੁੰਬਈ-ਚੇਨਈ ਜਿਹੇ ਰੂਟਾਂ ਲਈ ਟਿਕਟਾਂ ਦੁਗਣੀ ਕੀਮਤਾਂ 'ਤੇ ਵਿਕੀਆਂ। 

ਜੈਟ ਏਅਰਵੇਜ਼ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼ : ਜੈਟ ਨੂੰ ਕਰਜ਼ਾ ਦੇਣ ਵਾਲੇਂ ਬੈਂਕਾਂ ਦੇ ਸੰਗਠਨ ਦੀ ਅਗਵਾਈ ਕਰ ਰਹੇ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਉਹ ਜੈਟ ਏਅਰਵੇਜ਼ ਨੂੰ ਬੰਦ ਨਹੀਂ ਹੋਣ ਦੇਣਗੇ ਅਤੇ ਇਸ ਨੂੰ ਚਾਲੂ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿਵਾਲੀਆ ਐਲਾਨਣਾ ਅੰਤਮ ਆਪਸ਼ਨ ਹੈ ਅਤੇ ਇਸ ਨੂੰ ਬਚਾਉਣ ਲਈ ਕਰਜ਼ਦਾਤਾ ਸੰਗਠਨ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਬੂ ਧਾਬੀ ਦੀ ਭਾਈਵਾਲ ਕੰਪਨੀ ਨਾਲ ਇਸ ਬਾਰੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਨੂੰ ਦਿਵਾਲੀਆ ਐਲਾਨਣ ਦਾ ਮਤਲਬ ਇਸ ਨੂੰ ਬੰਦ ਕਰਨਾ ਹੋਵੇਗਾ।