ਵਿੱਤੀ ਸੰਕਟ ਨਾਲ ਜੂਝ ਰਿਹਾ ਜੈਟ ਏਅਰਵੇਜ਼, ਕੁਲ 23 ਜਹਾਜ਼ ਆਵਾਜਾਈ ਤੋਂ ਬਾਹਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੱਤੀ ਸੰਕਟ ਨਾਲ ਜੂਝ ਰਹੀ ਹਵਾਈ ਕੰਪਨੀ ਜੈਟ ਏਅਰਵੇਜ਼ ਨੇ ਕਿਰਾਇਆ ਨਾ ਚੁਕਾਉਣ ਦੇ ਕਾਰਨ ਦੋ ਹੋਰ ਜਹਾਜ਼ ਖੜ੍ਹੇ ਕਰ ਦਿੱਤੇ ਹਨ।

Jet Airways

ਮੁੰਬਈ : ਵਿੱਤੀ ਸੰਕਟ ਨਾਲ ਜੂਝ ਰਹੀ ਹਵਾਈ ਕੰਪਨੀ ਜੈਟ ਏਅਰਵੇਜ਼ ਨੇ ਕਿਰਾਇਆ ਨਾ ਚੁਕਾਉਣ ਦੇ ਕਾਰਨ ਦੋ ਹੋਰ ਜਹਾਜ਼ ਖੜ੍ਹੇ ਕਰ ਦਿੱਤੇ ਹਨ। ਕਿਰਾਇਆ ਨਾ ਚੁਕਾਉਣ ਦੀ ਵਜ੍ਹਾ ਤੋਂ ਕੰਪਨੀ ਹੁਣ ਤੱਕ 23 ਜਹਾਜ਼ਾਂ ਨੂੰ ਆਵਾਜਾਈ ਤੋਂ ਬਾਹਰ ਕਰ ਚੁੱਕੀ ਹੈ। ਇਹਨਾਂ ਦੋਨਾਂ ਜਹਾਜ਼ਾਂ ਦੇ ਖੜ੍ਹੇ ਹੋਣ ਦੇ ਨਾਲ ਜੈਟ ਏਅਰਵੇਜ਼ ਦੇ ਕਰੀਬ 20 ਫੀਸਦੀ ਜਹਾਜ਼ ਆਵਾਜਾਈ ਤੋਂ ਬਾਹਰ ਹੋ ਗਏ ਹਨ।

ਕੰਪਨੀ ਨੇ ਦੱਸਿਆ ਕਿ ਲੀਜ਼ ਸਮਝੌਤੇ ਦੇ ਤਹਿਤ ਲੀਜ਼ ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ ਨੂੰ ਪੈਸੇ ਨਾ ਦੇਣ ਕਾਰਨ ਦੋ ਹੋਰ ਜਹਾਜ਼ਾਂ ਨੂੰ ਆਵਾਜਾਈ ਤੋਂ ਬਾਹਰ ਕਰਨਾ ਪਿਆ। ਨਾਲ ਹੀ ਇਹ ਵੀ ਕਿਹਾ ਕਿ ਕਿਰਾਏ ਤੇ ਜਹਾਜ਼ ਦੇਣ ਵਾਲੀ ਵਾਲੀਆਂ ਕੰਪਨੀਆਂ ਨਾਲ ਸਰਗਰਮੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਨੂੰ ਨਕਦੀ ਦੀ ਸਥਿਤੀ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ।

ਜੈਟ ਏਅਰਵੇਜ਼ ਨੇ ਕਿਹਾ ਕਿ ਇਹਨਾਂ ਜਹਾਜ਼ਾਂ ਦੇ ਖੜ੍ਹੇ ਹੋਣ ਦੀ ਵਜ੍ਹਾ ਨਾਲ ਨੈੱਟਵਰਕ ਵਿਚ ਜੋ ਵੀ ਪ੍ਰੇਸ਼ਾਨੀਆਂ ਆ ਰਹੀਆਂ ਹਨ, ਉਹਨਾਂ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਯਾਤਰੀਆਂ ਦੇ ਨਾਲ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੂੰ ਵੀ ਇਸ ਸਬੰਧ ਵਿਚ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸਤੋਂ ਪਹਿਲਾਂ ਜੈਟ ਏਅਰਵੇਜ਼ ਨੇ ਕਿਰਾਇਆ ਨਾ ਚੁਕਾਉਣ ਕਾਰਨ 27 ਅਤੇ 28 ਫਰਵਰੀ ਨੂੰ ਕ੍ਰਮਵਾਰ ਸੱਤ ਅਤੇ ਛੇ ਜਹਾਜ਼ ਖੜ੍ਹੇ ਕੀਤੇ ਸੀ।