ਭਾਰਤੀ ਕਾਰੋਬਾਰੀ ਨੇਸ ਵਾਡੀਆ ਨੂੰ ਨਸ਼ਾ ਰੱਖਣ ਦੇ ਦੋਸ਼ 'ਚ 2 ਸਾਲ ਦੀ ਜੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਸਟਮ ਅਧਿਕਾਰੀਆਂ ਨੂੰ ਚੈਕਿੰਗ ਦੌਰਾਨ ਨੇਸ ਵਾਡੀਆ ਕੋਲੋਂ 25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ

Ness Wadia gets 2-yr jail term in Japan over drugs possession

ਨਵੀਂ ਦਿੱਲੀ : ਮਸ਼ਹੂਰ ਕਾਰੋਬਾਰੀ ਨੇਸ ਵਾਡੀਆ ਨੂੰ ਨਸ਼ਾ ਰੱਖਣ ਦੇ ਦੋਸ਼ 'ਚ ਜਾਪਾਨ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨੇਸ ਵਾਡੀਆ ਜਦੋਂ ਸਕੀਇੰਗ ਦੀ ਛੁੱਟੀਆਂ ਦੌਰਾਨ ਜਾਪਾਨ 'ਚ ਸਨ ਤਾਂ ਉਸ ਦੌਰਾਨ ਉਨ੍ਹਾਂ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਸੀ। 283 ਸਾਲ ਪੁਰਾਣੇ ਵਾਡੀਆ ਗਰੁੱਪ ਦੇ ਇਕਲੌਤੇ ਵਾਰਿਸ ਅਤੇ ਕਿੰਗਜ਼ ਇਲੈਵਨ ਪੰਜਾਬ ਕ੍ਰਿਕਟ ਟੀਮ ਦੇ ਸਹਿ-ਮਾਲਕ ਨੇਸ ਵਾਡੀਆ ਨੂੰ ਮਾਰਚ ਦੇ ਸ਼ੁਰੂਆਤ 'ਚ ਉੱਤਰੀ ਜਾਪਾਨੀ ਟਾਪੂ ਹੋਕਾਈਡੋ ਦੇ ਨਿਊ ਚਿਟੋਜ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਕਸਟਮ ਅਧਿਕਾਰੀਆਂ ਨੂੰ ਚੈਕਿੰਗ ਦੌਰਾਨ ਨੇਸ ਵਾਡੀਆ ਕੋਲੋਂ 25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਇਸ ਫ਼ੈਸਲੇ ਤੋਂ ਬਾਅਦ ਵਾਡੀਆ ਗਰੁੱਪ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਹ ਇਕ ਸਸਪੈਂਡਿਡ ਫ਼ੈਸਲਾ ਹੈ, ਜੋ 5 ਸਾਲ ਬਾਅਦ ਅਮਲ 'ਚ ਆਵੇਗਾ। ਕੰਪਨੀ ਨੇ ਇਹ ਵੀ ਕਿਹਾ ਕਿ ਨੇਸ ਵਾਡੀਆ ਇਸ ਸਮੇਂ ਭਾਰਤ 'ਚ ਹਨ ਅਤੇ ਇਸ ਫ਼ੈਸਲੇ ਕਾਰਨ ਉਨ੍ਹਾਂ ਨੂੰ ਕੰਪਨੀ 'ਚ ਆਪਣੀ ਜ਼ਿੰਮੇਵਾਰੀਆਂ ਤੋਂ ਨਹੀਂ ਹਟਾਇਆ ਜਾਵੇਗਾ। ਨੇਸ ਵਾਡੀਆ ਹੁਣ ਤਕ ਕੰਪਨੀ 'ਚ ਜਿਹੜੀ ਜ਼ਿੰਮੇਵਾਰੀ ਨਿਭਾਉਂਦੇ ਆਏ ਹਨ, ਉਹ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਵਾਡੀਆ ਗਰੁੱਪ ਦਾ ਕਾਰੋਬਾਰ ਕਾਫ਼ੀ ਵੱਡਾ ਹੈ। ਮੁੰਬਈ ਡਾਇੰਗ, ਮੁੰਬਈ ਬਰਮਨ ਟ੍ਰੇਡਿੰਗ, ਬ੍ਰਿਟਾਨੀਆ ਇੰਡਸਟ੍ਰੀਜ਼ ਅਤੇ ਬਜ਼ਟ ਏਅਰਲਾਈਨ ਗੋਏਅਰ ਮੁੱਖ ਹਨ। ਇਸ ਤੋਂ ਇਲਾਵਾ ਆਈਪੀਐਲ ਟੀਮ 'ਚ ਵੀ ਪੈਸਾ ਲੱਗਿਆ ਹੋਇਆ ਹੈ। ਵਾਡੀਆ ਗਰੁੱਪ ਦੀਆਂ ਕੰਪਨੀਆਂ ਦੀ ਕੁਲ ਕੀਮਤ 13.1 ਅਰਬ ਡਾਲਰ ਹੈ। ਇਸ ਖ਼ਬਰ ਤੋਂ ਬਾਅਦ ਵਾਡੀਆ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ 17 ਫ਼ੀਸਦੀ ਤਕ ਦੀ ਗਿਰਾਵਟ ਵੇਖਣ ਨੂੰ ਮਿਲੀ। ਹਾਲਾਂਕਿ ਬਾਅਦ ਵਿਚ ਸ਼ੇਅਰਾਂ 'ਚ ਕੁਝ ਰਿਕਵਰੀ ਦਰਜਕੀਤੀ ਗਈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2014 'ਚ ਅਦਾਕਾਰਾ ਪ੍ਰੀਤੀ ਜਿੰਟਾ ਨੇ ਨੇਸ ਵਾਡੀਆ 'ਤੇ ਇਕ ਮੈਚ ਦੌਰਾਨ ਮਾਰਕੁੱਟ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ 'ਚ 4 ਸਾਲ ਬਾਅਦ ਮੁੰਬਈ ਪੁਲਿਸ ਨੇ ਫ਼ਰਵਰੀ 2018 'ਚ ਚਾਰਜਸ਼ੀਟ ਫ਼ਾਈਲ ਕੀਤੀ ਸੀ। ਹਾਲਾਂਕਿ ਬਾਅਦ 'ਚ ਪ੍ਰੀਤੀ ਜਿੰਟਾ ਨੇ ਕੇਸ ਵਾਪਸ ਲੈ ਲਿਆ ਸੀ।