ਬੱਬਰ ਖ਼ਾਲਸਾ ਨਾਲ ਸਬੰਧਤ ਇਕ ਵਿਅਕਤੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਦੀ ਪਛਾਣ ਦਲੇਰ ਸਿੰਘ ਵਜੋਂ ਹੋਈ ; ਪੁਲਿਸ ਨੇ ਨਾਢਾ ਸਾਹਿਬ ਤੋਂ ਕੀਤਾ ਗ੍ਰਿਫ਼ਤਾਰ

Handcuff

ਮੋਹਾਲੀ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸ.ਐਸ.ਓ.ਸੀ.) ਦੀ ਮੋਹਾਲੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਉਸ ਨੇ ਬੱਬਰ ਖ਼ਾਲਸਾ ਨਾਲ ਸਬੰਧਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੂੰ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਵਿਅਕਤੀ ਦੀ ਪਛਾਣ ਦਲੇਰ ਸਿੰਘ ਵਜੋਂ ਹੋਈ ਹੈ। ਇਸ ਨੂੰ ਨਾਢਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਐਸ.ਐਸ.ਓ.ਸੀ. ਦੀ ਟੀਮ ਨੇ ਬੀਤੇ ਦਿਨੀਂ ਬੱਬਰ ਖ਼ਾਲਸਾ ਦੇ ਪੰਜ ਖਾੜਕੂ ਫੜੇ ਸਨ। ਇਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ, ਸੁਲਤਾਨ ਸਿੰਘ ਵਾਸੀ ਹਰਿਆਣਾ, ਕਰਮਜੀਤ ਸਿੰਘ ਵਾਸੀ ਪੰਜਾਬ, ਲਵਪ੍ਰੀਤ ਸਿੰਘ ਵਾਸੀ ਸੰਗਰੂਰ ਅਤੇ ਗੁਰਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ ਅਤੇ ਇਨ੍ਹਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੀ ਦਲੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਸੀ ਕਿ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਖਾੜਕੂ ਬੀਤੇ 5 ਮਹੀਨਿਆਂ ਤੋਂ ਮੋਹਾਲੀ ਦੇ ਦਾਰਾ ਸਟੂਡੀਓ ਨੇੜੇ ਗੁਪਤ ਮੀਟਿੰਗਾਂ ਕਰ ਰਹੇ ਸਨ।

ਪੁਲਿਸ ਦੇ ਇਸ ਸੈਲ ਦੇ ਏਆਈਜੀ ਵਰਿੰਦਰ ਪਾਲ ਸਿੰਘ ਦੇ ਮੁਤਾਬਕ ਇਹ ਲੋਕ ਇਸ ਵੇਲੇ ਆਪਣੀ ਸਾਜ਼ਿਸ਼ ਲਈ ਫੰਡ ਤੇ ਹਥਿਆਰ ਇਕੱਠੇ ਕਰ ਰਹੇ ਸਨ ਅਤੇ ਜੰਮੂ-ਕਸ਼ਮੀਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੀ ਯੋਜਨਾ ਬਣਾ ਰਹੇ ਸਨ। ਇਹ ਜੇਲ 'ਚ ਬੰਦ ਬੱਬਰ ਖ਼ਾਲਸਾ ਦੇ ਆਗੂ ਜਗਤਾਰ ਸਿੰਘ ਹਵਾਰਾ ਅਤੇ ਜਰਮਨੀ ਵਿੱਚ ਖ਼ਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨ ਰਣਜੀਤ ਸਿੰਘ ਪੱਖੋਕੇ ਦੇ ਸੰਪਰਕ 'ਚ ਸਨ। ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਨੇ ਜਗਤਾਰ ਸਿੰਘ ਹਵਾਰਾ ਨਾਲ ਜੇਲ ਕੱਟੀ ਅਤੇ ਸੋਸ਼ਲ ਮੀਡੀਆ ਰਾਹੀਂ ਉਸ ਨਾਲ ਜੁੜਿਆ ਸੀ। ਕੁਝ ਦਿਨ ਪਹਿਲਾਂ ਉਹ ਹਵਾਰਾ ਨੂੰ ਤਿਹਾੜ ਜੇਲ 'ਚ ਮਿਲ ਕੇ ਵੀ ਆਇਆ ਸੀ।