ਪੋਪਕੋਰਨ ਵੇਚਣ ਵਾਲੇ ਨੇ ਬਣਾਇਆ ਹਵਾਈ ਜਹਾਜ਼, ਟੈਸਟਿੰਗ ਦੌਰਾਨ ਹੋਇਆ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੈਸ਼ਨਲ ਜਿਉਗ੍ਰਾਫ਼ੀ ਚੈਨਲ ਵੇਖ ਕੇ ਹਵਾਈ ਜਹਾਜ਼ ਬਣਾਉਣ ਦੀ ਸਿਖਲਾਈ ਲਈ

Muhammad Fayaz, a guard who also owns a popcorn shop, builds airplane

ਇਸਲਾਮਾਬਾਦ : ਕਹਿੰਦੇ ਨੇ ਜ਼ਰੂਰਤ ਕਾਢ ਦੀ ਜਨਨੀ ਹੁੰਦੀ ਹੈ। ਇਨਸਾਨ ਉਸ ਸਮੇਂ ਜੁਗਾੜ ਲਗਾਉਂਦਾ ਹੈ ਜਦੋਂ ਉਸ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਪਰ ਉਸ ਨੂੰ ਖਰੀਦਣ ਲਈ ਪੈਸੇ ਨਹੀਂ ਹੁੰਦੇ। ਅਜਿਹਾ ਇਕ ਮਾਮਲਾ ਪਾਕਿਸਤਾਨ 'ਚ ਸਾਹਮਣੇ ਆਇਆ ਹੈ। ਪੋਪਕੋਰਨ ਵੇਚਣ ਵਾਲੇ ਦੀ ਦਿਲੀ ਇੱਛਾ ਸੀ ਕਿ ਉਹ ਹਵਾਈ ਜਹਾਜ਼ 'ਚ ਬੈਠ ਕੇ ਸਫ਼ਰ ਕਰੇ। ਇਸੇ ਰੀਝ ਨੂੰ ਪੂਰੀ ਕਰਨ ਲਈ ਇਸ ਵਿਅਕਤੀ ਨੇ ਆਪਣਾ ਜੁਗਾੜੂ ਹਵਾਈ ਜਹਾਜ਼ ਬਣਾ ਲਿਆ। ਹਾਲਾਂਕਿ ਉਡਾਨ ਭਰਨ ਤੋਂ ਪਹਿਲਾਂ ਹੀ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਜਾਣਕਾਰੀ ਮੁਤਾਬਕ ਮੁਹੰਮਦ ਫ਼ੈਯਾਜ਼ ਪਾਕਿਸਤਾਨ ਦੇ ਪਾਕਿਪੱਟਨ ਇਲਾਕੇ ਦਾ ਰਹਿਣ ਵਾਲਾ ਹੈ। ਉਹ ਪੋਪਕੋਰਨ ਬੇਚਦਾ ਹੈ ਅਤੇ ਪਾਰਟ ਟਾਈਮ ਸੁਰੱਖਿਆ ਗਾਰਡ ਦੀ ਨੌਕਰੀ ਵੀ ਕਰਦਾ ਹੈ। ਫ਼ੈਯਾਜ਼ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਸ਼ੌਂਕ ਸੀ ਕਿ ਉਸ ਦੀ ਆਪਣੀ ਫ਼ਲਾਈਂਗ ਮਸ਼ੀਨ ਹੋਵੇ। ਹਵਾਈ ਜਹਾਜ਼ ਬਣਾਉਣ ਦੀ ਸਿਖਵਾਈ ਉਸ ਨੂੰ ਨੈਸ਼ਨਲ ਜਿਉਗ੍ਰਾਫ਼ੀ ਚੈਨਲ 'ਤੇ ਵਿਖਾਏ ਜਾਂਦੇ ਪ੍ਰੋਗਾਰਾਮ 'ਏਅਰ ਕ੍ਰੈਸ਼ ਇਨਵੈਸਟੀਗੇਸ਼ਨ' ਵੇਖ ਕੇ ਮਿਲੀ। ਹਵਾਈ ਜਹਾਜ਼ ਬਣਾਉਣ ਲਈ ਉਸ ਨੇ ਆਪਣੇ ਖੇਤ ਤਕ ਵੇਚ ਦਿੱਤੇ। 

ਫ਼ੈਯਾਜ਼ ਵੱਲੋਂ ਬਣਾਏ ਹਵਾਈ ਜਹਾਜ਼ ਦਾ ਭਾਰ 93 ਕਿਲੋ ਹੈ ਅਤੇ ਇਸ ਦੀ ਕੀਮਤ ਲਗਭਗ 50 ਹਜ਼ਾਰ ਰੁਪਏ ਹੈ। ਫ਼ੈਯਾਜ਼ ਨੇ ਦਾਅਵਾ ਕੀਤਾ ਕਿ ਉਸ ਦਾ ਹਵਾਈ ਜਹਾਜ਼ 1000 ਫ਼ੁਟ ਦੀ ਉੱਚਾਈ ਤਕ ਉੱਡ ਸਕਦਾ ਹੈ। ਜੇ ਉਸ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਸਾਬਤ ਕਰ ਦੇਵੇਗਾ। ਫ਼ੈਯਾਜ਼ ਨੇ ਦੱਸਿਆ ਕਿ ਉਸ ਨੇ 4 ਸਾਲ ਪਹਿਲਾਂ ਜਹਾਜ਼ ਬਣਾਉਣ ਬਾਰੇ ਸੋਚਿਆ ਸੀ ਅਤੇ ਪਿਛਲੇ ਡੇਢ ਸਾਲ ਤੋਂ ਇਸ ਨੂੰ ਬਣਾ ਰਿਹਾ ਸੀ। ਨੈਸ਼ਨਲ ਜਿਉਗ੍ਰਾਫ਼ੀ ਚੈਨਲ ਵੇਖ ਕੇ ਜਹਾਜ਼ ਬਣਾਉਣ 'ਚ ਉਸ ਨੂੰ ਕਾਫ਼ੀ ਮਦਦ ਮਿਲੀ। 

ਫ਼ੈਯਾਜ਼ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਉਹ ਚਾਹੁੰਦਾ ਹੈ ਕਿ ਪਾਕਿ ਪ੍ਰਧਾਨ ਮੰਤਰੀ ਅਤੇ ਫ਼ੌਜ ਮੁਖੀ ਉਸ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਣ। ਉਹ ਦੇਸ਼ ਲਈ ਘੱਟ ਖ਼ਰਚੇ 'ਚ ਹਵਾਈ ਜਹਾਜ਼ ਬਣਾ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਫ਼ੈਯਾਜ਼ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਸਿਵਲ ਏਵੀਏਸ਼ਨ ਅਥਾਰਟੀ ਨੇ ਦੱਸਿਆ ਕਿ ਜਹਾਜ਼ ਦੀ ਟੈਸਟਿੰਗ ਲਈ ਉਨ੍ਹਾਂ ਤੋਂ ਮਨਜੂਰੀ ਨਹੀਂ ਲਈ ਗਈ ਸੀ।