ਕੱਚੇ ਤੇਲ 'ਚ ਗਿਰਾਵਟ, ਪਟਰੌਲ ਤੇ ਡੀਜ਼ਲ ਹੋ ਸਕਦੈ ਸਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਸਾਲ ਕਰੀਬ 20 ਫ਼ੀ ਸਦੀ ਮਹਿੰਗਾ ਹੋਣ ਬਾਅਦ ਸ਼ੁੱਕਰਵਾਰ ਨੂੰ ਕਰੂਡ (ਕੱਚਾ ਤੇਲ) 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਦੋ ਦਿਨ ਦੌਰਾਨ ਇਹ 3.5 ਫ਼ੀ ਸਦੀ...

Petrol and Diesel May be Cheaper

ਨਵੀਂ ਦਿੱਲੀ,ਇਸ ਸਾਲ ਕਰੀਬ 20 ਫ਼ੀ ਸਦੀ ਮਹਿੰਗਾ ਹੋਣ ਬਾਅਦ ਸ਼ੁੱਕਰਵਾਰ ਨੂੰ ਕਰੂਡ (ਕੱਚਾ ਤੇਲ) 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਦੋ ਦਿਨ ਦੌਰਾਨ ਇਹ 3.5 ਫ਼ੀ ਸਦੀ ਟੁੱਟ ਕੇ 75.30 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਕਰੂਡ 76 ਦਾ ਲੈਵਲ ਤੋੜ ਕੇ 75.30 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ। ਡਬਲਯੂ.ਟੀ.ਆਈ. ਕਰੂਡ ਵੀ 66 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਆ ਗਿਆ ਹੈ। ਓਪੇਕ ਦੇਸ਼ਾਂ ਤੋਂ ਬਾਅਦ ਰੂਸ ਵਲੋਂ ਅੱਗੇ ਪ੍ਰੋਡਕਸ਼ਨ ਵਧਾਏ ਜਾਣ ਦੇ ਸੰਕੇਤਾਂ ਤੋਂ ਬਾਅਦ ਕਰੂਡ 'ਚ ਇਹ ਗਿਰਾਵਟ ਦੇਖੀ ਜਾ ਰਹੀ ਹੈ।

ਕਰੂਡ ਵੀਰਵਾਰ ਨੂੰ 78.79 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਬੰਦ ਹੋਇਆ ਸੀ, ਜਿਸ ਤੋਂ ਬਾਅਦ ਇਸ 'ਚ 3.49 ਡਾਲਰ ਦੀ ਗਿਰਾਵਟ ਆ ਚੁੱਕੀ ਹੈ। ਪਿਛਲੇ ਇਕ ਹਫ਼ਤੇ 'ਚ ਕਰੂਡ 'ਚ ਕਰੀਬ 7.5 ਫ਼ੀ ਸਦੀ ਦੀ ਗਿਰਾਵਟ ਆਈ ਹੈ। ਉਥੇ, ਐਮ.ਸੀ.ਐਕਸ. ਕਰੂਡ 112 ਰੁਪਏ ਦੀ ਗਿਰਾਵਟ ਨਾਲ 4,485 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ, ਭਾਵ ਇਸ 'ਚ 2.44 ਫੀਸਦੀ ਗਿਰਾਵਟ ਹੈ। ਪਿਛਲੇ ਇਕ ਸਾਲ ਤੋਂ ਕੱਚੇ ਤੇਲ 'ਚ ਲਗਾਤਾਰ ਤੇਜ਼ੀ ਬਣੀ ਹੋਈ ਸੀ।

ਪਿਛਲੇ ਇਕ ਸਾਲ 'ਚ ਕੱਚਾ ਤੇਲ ਲਗਭਗ 45 ਫ਼ੀ ਸਦੀ ਮਹਿੰਗਾ ਹੋਇਆ, ਉਥੇ ਇਸ ਸਾਲ ਵੀਰਵਾਰ ਤਕ ਕਰੀਬ 20 ਫ਼ੀ ਸਦੀ ਰੇਟ ਵਧੇ ਹਨ। ਜੂਨ 2017 ਤੋਂ ਬਾਅਦ ਤੋਂ ਗੱਲ ਕਰੀਏ ਤਾਂ ਕਰੂਡ ਵੀਰਵਾਰ ਤਕ 78 ਫ਼ੀ ਸਦੀ ਤਕ ਮਹਿੰਗਾ ਹੋ ਚੁੱਕਾ ਸੀ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚ ਭਾਰਤ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਆਸਮਾਨ 'ਤੇ ਪਹੁੰਚ ਗਈਆਂ।   

ਪੈਟ੍ਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਬਾਜ਼ਾਰ 'ਚ ਭਾਅ ਵਧਣ ਕਾਰਨ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਵਾਧੇ ਦਾ ਲੰਮੇ ਸਮੇਂ ਲਈ ਹੱਲ ਲੱਭਣ ਨੂੰ ਲੈ ਕੇ ਇਕ ਸਰਗਰਮ ਰਣਨੀਤੀ ਅਪਨਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦਾ ਬਿਊਰਾ ਨਹੀਂ ਦਿਤਾ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਅੱਜ ਲਗਾਤਾਰ 15ਵੇਂ ਦਿਨ ਵਧੀ। ਇਸ ਨਾਲ ਇਸ ਮਹੀਨੇ ਹੁਣ ਤਕ ਹੋਇਆ ਕੁਲ ਵਾਧਾ ਘੱਟ ਤੋਂ ਘੱਟ 5 ਸਾਲ 'ਚ ਸੱਭ ਤੋਂ ਜ਼ਿਆਦਾ ਹੈ।