'ਮਹਿਜ਼' ਇਕ ਪੈਸਾ ਸਸਤਾ ਹੋਇਆ ਪਟਰੌਲ ਤੇ ਡੀਜ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਲਗਾਤਾਰ 16 ਦਿਨਾਂ ਤਕ ਭਾਅ ਵਿਚ ਵਾਧੇ ਮਗਰੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਮਹਿਜ਼ ਇਕ ਪੈਸਾ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ। ਇਸ ...

Petrol

ਨਵੀਂ ਦਿੱਲੀ : ਲਗਾਤਾਰ 16 ਦਿਨਾਂ ਤਕ ਭਾਅ ਵਿਚ ਵਾਧੇ ਮਗਰੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਮਹਿਜ਼ ਇਕ ਪੈਸਾ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰੇ ਪਟਰੌਲ ਵਿਚ 60 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਵਿਚ 56 ਪੈਸੇ ਪ੍ਰਤੀ ਲਿਟਰ ਕਟੌਤੀ ਦਾ ਐਲਾਨ ਕੀਤਾ ਗਿਆ। ਥੋੜੀ ਹੀ ਦੇਰ ਮਗਰੋਂ ਸਰਕਾਰੀ ਤੇਲ ਕੰਪਨੀਆਂ ਨੇ ਗ਼ਲਤੀ ਵਿਚ ਸੁਧਾਰ ਕਰਦਿਆਂ ਕਿਹਾ ਕਿ ਪਹਿਲਾਂ ਐਲਾਨੀ ਕਟੌਤੀ ਤਕਨੀਕੀ ਗੜਬੜ ਕਾਰਨ ਹੋਈ ਸੀ ਜਦਕਿ ਅਸਲ ਵਿਚ ਇਕ ਪੈਸਾ ਪ੍ਰਤੀ ਲਿਟਰ ਕੀਮਤ ਘਟਾਈ ਗਈ ਹੈ।

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪ੍ਰਤੀ ਲਿਟਰ ਇਕ-ਇਕ ਪੈਸਾ ਕਟੌਤੀ ਕੀਤੇ ਜਾਣ ਨੂੰ ਲੋਕਾਂ ਨਾਲ ਕੋਝਾ ਮਜ਼ਾਕ ਦਸਿਆ ਹੈ।ਤੇਲ ਕੰਪਨੀਆਂ ਨੇ ਅੱਜ ਸਵੇਰੇ ਪਟਰੌਲ ਦੀ ਕੀਮਤ ਵਿਚ 60 ਪੈਸਾ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ 56 ਪੈਸੇ ਪ੍ਰਤੀ ਲਿਟਰ ਕਟੌਤੀ ਕਰਨ ਦਾ ਐਲਾਨ ਕੀਤਾ।

ਇਸ ਨਾਲ ਦਿੱਲੀ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 76.83 ਰੁਪਏ ਅਤੇ 68.75 ਰੁਪਏ ਪ੍ਰਤੀ ਲਿਟਰ ਹੋ ਗਈਆਂ ਸਨ ਪਰ ਇਸ ਐਲਾਨ ਦੇ ਕੁੱਝ ਘੰਟਿਆਂ ਅੰਦਰ ਹੀ ਕੰਪਨੀਆਂ ਨੇ ਕਿਹਾ ਕਿ ਦੋਹਾਂ ਦੀ ਕੀਮਤ ਵਿਚ ਮਹਿਜ਼ ਇਕ ਪੈਸਾ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਹੈ। ਦੇਸ਼ ਦੀ ਸੱਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਦੇ ਅਧਿਕਾਰੀ ਨੇ ਕਿਹਾ, '25 ਮਈ ਦੀਆਂ ਕੀਮਤਾਂ ਨੂੰ ਅੱਜ ਦੀ ਕੀਮਤ ਦੇ ਤੌਰ 'ਤੇ ਜਾਰੀ ਕਰ ਦਿਤਾ ਗਿਆ ਸੀ ਪਰ ਬਾਅਦ ਵਿਚ ਗ਼ਲਤੀ ਸੁਧਾਰ ਲਈ ਗਈ। ਤੇਲ ਦੀਆਂ ਕੀਮਤਾਂ ਵਿਚ ਇਹ 'ਕਟੌਤੀ' 16 ਦਿਨਾਂ ਮਗਰੋਂ ਹੋਈ ਹੈ।

ਕਰਨਾਟਕ ਚੋਣਾਂ ਕਾਰਨ 19 ਦਿਨ ਤਕ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਸਨ ਜਦਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਸਨ। ਪਿਛਲੇ 16 ਦਿਨਾਂ ਵਿਚ ਪਟਰੌਲ ਦੀ ਕੀਮਤ ਵਿਚ 3.8 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 3.38 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। 
ਕਾਂਗਰਸ ਨੇ ਕਿਹਾ

ਕਿ ਪਟਰੌਲ ਡੀਜ਼ਲ 'ਤੇ 10 ਲੱਖ ਕਰੋੜ ਦੀ ਲੁੱਟ ਅਤੇ ਇਕ ਪੈਸੇ ਦੀ ਛੋਟ:  ਕਾਂਗਰਸ ਆਗੂ ਆਰਪੀਐਨ ਸਿੰਘ ਨੇ ਦੋਸ਼ ਲਾਇਆ ਕਿ ਉਹ ਪਟਰੌਲ ਅਤੇ ਡੀਜ਼ਲ ਟੈਕਸ ਰਾਹੀਂ 10 ਲੱਖ ਕਰੋੜ ਦੀ ਲੁੱਟ ਕਰਨ ਮਗਰੋਂ ਹੁਣ ਲੋਕਾਂ ਨਾਲ ਮਜ਼ਾਕ ਕਰ ਰਹੀ ਹੈ। ਉਨ੍ਹਾਂ ਕਿਹਾ, 'ਚਾਰ ਸਾਲਾਂ ਵਿਚ ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਵੱਧ ਕੇ 10 ਲੱਖ ਕਰੋੜ ਰੁਪਏ ਦੀ ਲੁੱਟ ਅਤੇ ਫਿਰ ਇਕ ਪੈਸੇ ਦੀ ਛੋਟ।