ਸ਼ੇਅਰ ਬਾਜ਼ਾਰ ’ਚ 803 ਅੰਕਾਂ ਦਾ ਵੱਡਾ ਉਛਾਲ, ਰੀਕਾਰਡ ਪੱਧਰ ’ਤੇ ਸੈਂਸੈਕਸ

ਏਜੰਸੀ

ਖ਼ਬਰਾਂ, ਵਪਾਰ

ਵਿਦੇਸ਼ੀ ਨਿਵੇਸ਼ ਅਤੇ ਮੌਨਸੂਨ ਦੇ ਜ਼ੋਰ ਫੜਨ ਨਾਲ ਸ਼ੇਅਰਾਂ ਦੀ ਭਾਰੀ ਖ਼ਰੀਦਦਾਰੀ ਜਾਰੀ

Representational


ਮੁੰਬਈ: ਵਿਦੇਸ਼ੀ ਪੂੰਜੀ ਪ੍ਰਵਾਹ ਕਾਇਮ ਰਹਿਣ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਮਜ਼ਬੂਤੀ ਦੇ ਰੁਖ਼ ਵਿਚਕਾਰ ਸ਼ੇਅਰ ਬਾਜ਼ਾਰਾਂ ਨੇ ਨਵਾਂ ਰੀਕਾਰਡ ਬਣਾਉਣਾ ਸ਼ੁਕਰਵਾਰ ਨੂੰ ਵੀ ਜਾਰੀ ਰਖਿਆ। ਦੋਵੇਂ ਮਾਨਕ ਸੂਚਕ ਅੰਕ ਸੈਂਸੈਕਸ ਅਤੇ ਨਿਫ਼ਟੀ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਏ।

 
ਵਿਸ਼ਲੇਸ਼ਕਾਂ ਮੁਤਾਬਕ, ਵੱਡੀਆਂ ਕੰਪਨੀਆਂ ਇਨਫ਼ੋਸਿਸ, ਐਚ.ਡੀ.ਐਫ਼.ਸੀ. ਬੈਂਕ ਅਤੇ ਐਚ.ਡੀ.ਐਫ਼.ਸੀ., ਰਿਲਾਇੰਸ ਇੰਡਸਟਰੀਜ਼ ਅਤੇ ਟੀ.ਸੀ.ਐਸ. ’ਚ ਤਕੜੀ ਖ਼ਰੀਦਦਾਰੀ ਹੋਣ ਨਾਲ ਨਿਵੇਸ਼ਕਾਂ ਦੀ ਧਾਰਨਾ ਨੂੰ ਮਜ਼ਬੂਤੀ ਮਿਲੀ। ਇਸ ਦੇ ਅਸਰ ’ਚ ਸ਼ੇਅਰ ਬਾਜ਼ਾਰ ਲਗਾਤਰ ਤੀਜੇ ਦਿਨ ਵਧ ਕੇ ਬੰਦ ਹੋਇਆ।
 

ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 803.14 ਅੰਕ, ਯਾਨੀਕਿ 1.26 ਫ਼ੀ ਸਦੀ ਉਛਲ ਕੇ ਅਪਣੇ ਸਭ ਤੋਂ ਉਪਰਲੇ ਪੱਧਰ 64,718.56 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 853.16 ਅੰਕ ਯਾਨੀਕਿ 1.33 ਫ਼ੀ ਸਦੀ ਦੀ ਨਵੀਂ ਉਚਾਈ ਤਕ ਉਛਲ ਗਿਆ ਸੀ।
 

ਐਨ.ਐਸ.ਈ. ਦਾ ਨਿਫ਼ਟੀ ਵੀ 216.95 ਅੰਕ, ਯਾਨੀਕਿ 1.14 ਫ਼ੀ ਸਦੀ ਚੜ੍ਹ ਕੇ 19,189.05 ਦੀ ਰੀਕਾਰਡ ਉਚਾਈ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 229.6 ਅੰਕ ਯਾਨੀਕਿ 1.21 ਫ਼ੀ ਸਦੀ ਵਧ ਕੇ 19,201.70 ਦੇ ਅਪਣੇ ਸਭ ਤੋਂ ਉੱਚੇ ਪੱਧਰ ’ਤੇ ਵੀ ਪਹੁੰਚ ਗਿਆ ਸੀ।
 

ਐਚ.ਡੀ.ਐਫ਼.ਸੀ. ਸਕਿਉਰਟੀਜ਼ ਦੇ ਉਪ-ਪ੍ਰਮੁੱਖ (ਪ੍ਰਚੂਨ ਖੋਜ) ਦੇਵਵਰਸ਼ ਵਕੀਲ ਨੇ ਕਿਹਾ, ‘‘ਉਮੀਦਾਂ ਤੋਂ ਉਲਟ ਅਮਰੀਕੀ ਅਰਥਵਿਵਸਥਾ ਨੇ ਪਹਿਲੀ ਤਿਮਾਹੀ ’ਚ ਕਿਤੇ ਬਿਹਤਰ ਵਿਕਾਸ ਦਰ ਹਾਸਲ ਕੀਤੀ। ਇਸ ਤੋਂ ਇਲਾਵਾ ਘਰੇਲੂ ਪੱਧਰ ’ਤੇ ਵੱਖੋ-ਵੱਖ ਆਰਥਕ ਸੰਕੇਤਕਾਂ ਦੇ ਚੰਗਾ ਰਹਿਣ ਨਾਲ ਵੀ ਨਿਵੇਸ਼ਕਾਂ ਦੀ ਲੰਮੇ ਸਮੇਂ ਦਾ ਨਜ਼ਰੀਆ ਸਾਕਾਰਾਤਮਕ ਬਣਿਆ ਹੋਇਆ ਹੈ।’’
 

ਸੈਂਸੈਕਸ ਦੇ ਸਮੂਹ ’ਚ ਸ਼ਾਮਲ ਕੰਪਨੀਆਂ ’ਚੋਂ ਮਹਿੰਦਰਾ ਐਂਡ ਮਹਿੰਦਰਾ ਨੇ ਸਭ ਤੋਂ ਵੱਡ ਚਾਰ ਫ਼ੀ ਸਦੀ ਦਾ ਉਛਾਲ ਦਰਜ ਕੀਤਾ। ਇੰਡਸਟਿੰਡ ਬੈਂਕ, ਇਨਫ਼ੋਸਿਸ, ਟਾਟਾ ਕੰਸਲਟੈਂਸੀ ਸਰਵੀਸਿਜ਼, ਮਾਰੂਤੀ, ਲਾਰਸਨ ਐਂਡ ਟੁਰਬੋ, ਟੈਕ ਮਹਿੰਦਰਾ, ਵਿਪਰੋ, ਪਾਵਰ ਗਰਿੱਡ, ਐਚ.ਡੀ.ਐਫ਼.ਸੀ. ਬੈਂਕ, ਐਚ.ਡੀ.ਐਫ਼.ਸੀ., ਬਜਾਜ ਫ਼ਾਈਨਾਂਸ ਅਤੇ ਰਿਲਾਇੰਸ ਇੰਡਸਟਰੀਜ਼ ਦੇ ਵੀ ਸ਼ੇਅਰ ਚੜ੍ਹ ਕੇ ਬੰਦ ਹੋਏ।
 

ਦੂਜੇ ਪਾਸੇ ਤੇਜ਼ੀ ਦੇ ਇਸ ਦੌਰ ’ਚ ਵੀ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਨ.ਟੀ.ਪੀ.ਸੀ. ਨੂੰ ਨੁਕਸਾਨ ਚੁਕਣਾ ਪਿਆ ਅਤੇ ਉਨ੍ਹਾਂ ਦੇ ਸ਼ੇਅਰਾਂ ’ਚ ਕਮੀ ਦਰਜ ਕੀਤੀ ਗਈ।
 

ਮੋਤੀਲਾਲ ਓਸਵਾਲ ਫ਼ਾਈਨਾਂਸ਼ੀਅਲ ਸਰਵੀਸਿਜ਼ ਦੇ ਪ੍ਰਚੂਨ ਖੋਜ ਮੁਖੀ ਸਿਧਾਰਥ ਖੇਮਕਾ ਨੇ ਕਿਹਾ ਕਿ ਸਾਕਾਰਾਤਮਕ ਕੌਮਾਂਤਰੀ ਅੰਕੜਿਆਂ ਅਤੇ ਵਿਦੇਸ਼ੀ ਸੰਸਥਾਗਮ ਨਿਵੇਸ਼ਕਾਂ (ਐਫ਼.ਆਈ.ਆਈ.) ਦੀ ਖ਼ਰੀਦਦਾਰੀ ਵਧਣ ਨਾਲ ਮਾਨਸੂਨ ਦੇ ਰਫ਼ਤਾਰ ਵਧਣ ਨਾਲ ਵੀ ਧਾਰਨਾ ਬਿਹਤਰ ਹੋਈ ਹੈ।
 

ਇਸ ਦੌਰਾਨ ਕੌਮਾਂਤਰੀ ਤੇਲ ਮਾਨਕ ਬਰੈਂਟ ਕਰੂਡ 0.61 ਫ਼ੀ ਸਦੀ ਵਧ ਕੇ 74.79 ਅਮਰੀਕੀ ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।