‘ਕੈਫੇ ਕੌਫ਼ੀ ਡੇ’ ‘ਤੇ 7000 ਕਰੋੜ ਦਾ ਕਰਜ਼, ਮਾਲਕ ਹੋਇਆ ਲਾਪਤਾ

ਏਜੰਸੀ

ਖ਼ਬਰਾਂ, ਵਪਾਰ

ਤਿੰਨ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕੰਪਨੀ ਕੈਫੇ ਕੌਫ਼ੀ ਡੇ ਦੇ ਮਾਲਕ ਅਤੇ ਸਾਬਕਾ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਦੇ ਜਵਾਈ ਵੀਜੀ ਸਿਧਾਰਥ ਅਚਾਨਕ ਲਾਪਤਾ ਹੋ ਗਏ ਹਨ।

CCD founder VG Siddhartha goes missing

ਨਵੀਂ ਦਿੱਲੀ: ਤਿੰਨ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕੰਪਨੀ ਕੈਫੇ ਕੌਫ਼ੀ ਡੇ (Cafe Coffee Day) ਦੇ ਮਾਲਕ ਅਤੇ ਸਾਬਕਾ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਦੇ ਜਵਾਈ ਵੀਜੀ ਸਿਧਾਰਥ ਅਚਾਨਕ ਲਾਪਤਾ ਹੋ ਗਏ ਹਨ। ਸ਼ੁਰੂਆਤੀ ਰਿਪੋਰਟ ਮੁਤਾਬਕ ਸਿਧਾਰਥ 29 ਜੁਲਾਈ ਨੂੰ ਮੰਗਲੁਰੂ ਆ ਰਹੇ ਸਨ ਅਤੇ ਰਸਤੇ ਵਿਚ ਸੋਮਵਾਰ ਨੂੰ ਸ਼ਾਮ 6.30 ਵਜੇ ਉਹ ਗੱਡੀ ਤੋਂ ਉਤਰ ਗਏ ਅਤੇ ਸੈਰ ਕਰਨ ਲੱਗੇ। ਉਹ ਸੈਰ ਕਰਦੇ-ਕਰਦੇ ਹੀ ਲਾਪਤਾ ਹੋ ਗਏ, ਜਿਸ ਤੋਂ ਬਾਅਦ ਉਹਨਾਂ ਦਾ ਮੋਬਾਈਲ ਫੋਨ ਬੰਦ ਆਉਣ ਲੱਗਿਆ।

ਦੱਸਿਆ ਜਾ ਰਿਹਾ ਹੈ ਕਿ ਸੀਸੀਡੀ ‘ਤੇ 7 ਹਜ਼ਾਰ ਕਰੋੜ ਦਾ ਕਰਜ਼ਾ ਸੀ। ਲਾਪਤਾ ਹੋਣ ਤੋਂ ਪਹਿਲਾਂ ਉਹਨਾਂ ਨੇ ਕੰਪਨੀ ਸੀਐਫਓ ਨਾਲ 56 ਸੈਕਿੰਡ ਲਈ ਗੱਲ ਕੀਤੀ ਸੀ ਅਤੇ ਉਹਨਾਂ ਨੇ ਸੀਐਫਓ ਨੂੰ ਕੰਪਨੀ ਦਾ ਖਿਆਲ ਰੱਖਣ ਲਈ ਕਿਹਾ ਸੀ। ਇਸ ਮਾਮਲੇ ਨੂੰ ਦੇਖਦੇ ਹੋਏ ਸਾਰਾ ਪੁਲਿਸ ਮਹਿਕਮਾ ਉਹਨਾਂ ਦੀ ਭਾਲ ਵਿਚ ਜੁੱਟ ਗਿਆ। ਜਵਾਈ ਦੇ ਲਾਪਤਾ ਹੋਣ ਤੋਂ ਬਾਅਦ ਐਸ ਐਮ ਕ੍ਰਿਸ਼ਨਾ ਦਾ ਪੂਰਾ ਪਰਿਵਾਰ ਚਿੰਤਾ ਵਿਚ ਹੈ। ਇਕ ਪਾਸੇ ਜਿੱਥੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤਾਂ ਦੂਜੇ ਪਾਸੇ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਵੀ ਐਸਐਮ ਕ੍ਰਿਸ਼ਨ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ ਉਹਨਾਂ ਨੇ ਮਾਮਲੇ ਦੀ ਪੂਰੀ ਜਾਣਕਾਰੀ ਲਈ। 

ਇਸ ਦੇ ਨਾਲ ਹੀ ਇਸ ਮਾਮਲੇ ਵਿਚ ਇਕ ਅਹਿਮ ਜਾਣਕਾਰੀ ਸਾਹਮਣੇ ਆਈ, ਜਿਸ ਵਿਚ ਸਿਧਾਰਥ ਵੱਲੋਂ ਲਿਖੀ ਇਕ ਚਿੱਠੀ ਸਾਹਮਣੇ ਆਇਆ ਹੈ। ਇਸ ਚਿੱਠੀ ਵਿਚ ਸਿਧਾਰਥ ਨੇ ਕਰਮਚਾਰੀਆਂ ਅਤੇ ਬੋਰਡ ਆਫ ਡਾਇਰੈਕਟਰਜ਼ ਨੂੰ ਲਿਖਿਆ ਹੈ ਕਿ ਸਾਰੇ  ਵਿੱਤੀ ਲੈਣ-ਦੇਣ ਮੇਰੀ ਜ਼ਿੰਮੇਵਾਰੀ ਹੈ। ਉਹਨਾਂ ਇਹ ਵੀ ਲਿਖਿਆ ਕਿ ਉਹਨਾਂ ਨੂੰ ਅਫਸੋਸ ਹੈ ਕਿ ਉਹਨਾਂ ਨੇ ਸਾਰੇ ਲੋਕਾਂ ਨੂੰ ਨਿਰਾਸ਼ ਕੀਤਾ। ਚਿੱਠੀ ਵਿਚ ਉਹਨਾਂ ਨੇ ਮਾਫੀ ਵੀ ਮੰਗੀ।

ਕੈਫੇ ਕੌਫ਼ੀ ਡੇ ਦੇ ਸੰਸਥਾਪਕ ਵੀਜੀ ਸਿਧਾਰਥ ਦਾ ਰਿਸ਼ਤਾ ਅਜਿਹੇ ਪਰਿਵਾਰ ਨਾਲ ਹੈ, ਜਿਸ ਦਾ ਸਬੰਧ ਕੌਫ਼ੀ ਦੀ ਖੇਤੀ ਦੇ 150 ਸਾਲ ਪੁਰਾਣੇ ਸੱਭਿਆਚਾਰ ਨਾਲ ਹੈ। ਉਹਨਾਂ ਦੇ ਪਰਿਵਾਰ ਕੋਲ ਕੌਫ਼ੀ ਦੇ ਬਾਗ ਸਨ, ਜਿਸ ਵਿਚ ਮਹਿੰਗੀ ਕੌਫੀ ਉਗਾਈ ਜਾਂਦੀ ਸੀ। ਇਸ ਤੋਂ ਬਾਅਦ ਉਹਨਾਂ ਨੇ ਇਸ ਦਾ ਵਪਾਰ ਸਥਾਪਤ ਕੀਤਾ। 90 ਦੇ ਦਹਾਕੇ ਵਿਚ ਕੌਫ਼ੀ ਸਿਰਫ਼ ਦੱਖਣੀ ਭਾਰਤ ਵਿਚ ਹੀ ਪਾਈ ਜਾਂਦੀ ਸੀ ਅਤੇ ਇਸ ਦੀ ਪਹੁੰਚ ਪੰਜ ਤਾਰਾ ਹੋਟਲ ਤੱਕ ਹੀ ਸੀ। ਸਿਧਾਰਥ ਕੌਫ਼ੀ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਸਨ। ਇਸੇ ਲਈ ਉਹਨਾਂ ਨੇ ਕੈਫੇ ਕੌਫ਼ੀ ਡੇ ਦੀ ਸ਼ੁਰੂਆਤ ਕੀਤੀ ਸੀ।

ਕੈਫੇ ਕੌਫ਼ੀ ਡੇਅ ਦੀ ਸ਼ੁਰੂਆਤ ਜੁਲਾਈ 1996 ਵਿਚ ਬੰਗਲੁਰੂ ਦੇ ਬ੍ਰਿਗੇਡ ਰੋਡ ਤੋਂ ਹੋਈ। ਪਹਿਲੀ ਕੌਫ਼ੀ ਸ਼ਾਪ ਇੰਟਰਨੈਟ ਕੈਫੇ ਨਾਲ ਖੋਲੀ ਗਈ। ਸ਼ੁਰੂਆਤੀ ਪੰਜ ਸਾਲਾਂ ਵਿਚ ਕੁੱਝ ਕੈਫੇ ਖੋਲਣ ਤੋਂ ਬਾਅਦ ਅੱਜ ਕੈਫੇ ਕੌਫ਼ੀ ਡੇਅ ਦੇਸ਼ ਦੀ ਸਭ ਤੋਂ ਵੱਡੀ ਕੌਫੀ ਚੇਨ ਬਣ ਗਈ ਹੈ। ਇਸ ਸਮੇਂ ਦੇਸ਼ ਦੇ 247 ਸ਼ਹਿਰਾਂ ਵਿਚ ਸੀਸੀਡੀ ਦੇ ਕੁੱਲ 1,758 ਕੈਫੇ ਹਨ। ਇਸ ਕੰਪਨੀ ਦਾ ਮੁੱਲ ਕਰੀਬ 3254 ਕਰੋੜ ਰੁਪਏ ਹੈ ਅਤੇ ਸਾਲ 2017-18 ਵਿਚ ਕੰਪਨੀ ਨੇ 600 ਮਿਲੀਅਨ ਡਾਲਰ ਦਾ ਵਪਾਰ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।