ਦੋ ਦਿਨਾਂ ਤੋਂ ਬੱਚੇ ਲਾਪਤਾ, ਨਹੀਂ ਮਿਲਿਆ ਕੋਈ ਸੁਰਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਵਾਸੀਆਂ ਨੇ ਹਾਈਵੇ ਕੀਤਾ ਜਾਮ

Missing two brothers last two days, no clue found

ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਗੰਡਿਆਂ ਦੇ ਦੋ ਬੱਚੇ ਬੀਤੀ 22 ਜੁਲਾਈ ਤੋਂ ਲਾਪਤਾ ਹਨ। ਇਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਨ੍ਹਾਂ ਬੱਚਿਆਂ ਦੇ ਨਾਮ ਜਸ਼ਨਦੀਪ ਸਿੰਘ ਉਮਰ 10 ਸਾਲ ਅਤੇ ਹਸ਼ਨਦੀਪ ਸਿੰਘ ਉਮਰ 6 ਸਾਲ ਹੈ। ਪੁਲਿਸ ਵੱਲੋਂ ਬੱਚਿਆਂ ਦੀ ਭਾਲ ਮੁਸਤੈਦੀ ਨਾਲ ਨਾ ਕਰਨ ਕਰ ਕੇ ਮੰਗਲਵਾਰ ਰਾਤ ਨਾਰਾਜ਼ ਲੋਕਾਂ ਨੇ ਰਾਜਪੁਰਾ-ਪਟਿਆਲਾ ਸੜਕ ਵਿਚਕਾਰ ਧਰਨੇ 'ਤੇ ਬੈਠ ਗਏ। ਇਸ ਕਾਰਨ ਪੂਰੀ ਰਾਤ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਬੁਧਵਾਰ ਦੁਪਹਿਰ ਤਕ ਲੋਕਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਿਹਾ।

ਜਾਣਕਾਰੀ ਮੁਤਾਬਕ ਦੋਵੇਂ ਬੱਚੇ ਸੋਮਵਾਰ ਨੂੰ ਰਾਤ 8.30 ਵਜੇ ਘਰੋਂ ਕੋਲਡ ਡਰਿੰਕ ਲੈਣ ਲਈ ਨਿਕਲੇ ਸਨ। ਬੱਚੇ ਜਦੋਂ ਕਾਫ਼ੀ ਦੇਰ ਤਕ ਘਰ ਵਾਪਸ ਨਾ ਪਰਤੇ ਤਾਂ ਉਨ੍ਹਾਂ ਦੇ ਮਾਪੇ ਦੁਕਾਨ 'ਤੇ ਗਏ, ਜਿਥੇ ਕਿ ਦੁਕਾਨਦਾਰ ਨੇ ਦੱਸਿਆ ਕਿ ਉਹ ਇੱਥੇ ਆਏ ਹੀ ਨਹੀਂ। ਉਨ੍ਹਾਂ ਨੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਮਾਮਲੇ ਦੀ ਕਾਰਵਾਈ ਢਿੱਲੀ ਕਰਨ 'ਤੇ ਪਰਵਾਰ ਅਤੇ ਪਿੰਡ ਵਾਸੀਆਂ ਨੇ ਪਟਿਆਲਾ ਰੋਡ 'ਤੇ ਧਰਨਾ ਲਗਾ ਕੇ ਸੜਕ ਨੂੰ ਜਾਮ ਕਰ ਦਿੱਤਾ।

ਧਰਨੇ ਕਰ ਕੇ ਰਾਜਪੁਰਾ-ਪਟਿਆਲਾ ਰੋਡ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਸੈਕੜਿਆਂ ਦੀ ਗਿਣਤੀ ਵਿਚ ਔਰਤਾਂ, ਬਜ਼ੁਰਗ, ਬੱਚੇ, ਪਿੰਡ ਦੇ ਨੌਜਵਾਨ ਸੜਕ ਵਿਚਕਾਰ ਟੈਂਟ ਲਗਾ ਕੇ ਧਰਨੇ 'ਤੇ ਬੈਠੇ ਹੋਏ ਹਨ। ਦੋਹਾਂ ਪਾਸੇ ਲੋਕਾਂ ਨੇ ਟਰੈਕਟਰ-ਟਰਾਲੀਆਂ ਲਗਾ ਦਿੱਤੀਆਂ ਹਨ। ਸਾਰ ਲੈਣ ਅਜੇ ਤਕ ਹੋਈ ਵੀ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਹੈ। ਛੋਟੇ ਅਧਿਕਾਰੀ ਜਰੂਰ ਇੱਥੇ ਪੁੱਜੇ ਪਰ ਪਰਵਾਰ ਨੂੰ ਭਰੋਸਾ ਦੇ ਕੇ ਚਲਦੇ ਬਣੇ।

ਪਰਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਧਰਨਾ ਲਗਾਤਾਰ ਜਾਰੀ ਰਹੇਗਾ। ਪਰਵਾਰ ਪੁਲਿਸ 'ਤੇ ਬੱਚਿਆਂ ਦੀ ਭਾਲ ਨਾ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ। ਪਰਵਾਰ ਦਾ ਕਹਿਣਾ ਹੈ ਜਦੋਂ ਤਕ ਉਨ੍ਹਾਂ ਦੇ ਬੱਚੇ ਨਹੀਂ ਮਿਲਣਗੇ ਉਤੋਂ ਤਕ ਉਹ ਧਰਨਾ ਖ਼ਤਮ ਨਹੀਂ ਕਰਨਗੇ।