ਅਚਾਨਕ ਲਾਪਤਾ ਹੋਇਆ ਬੱਚਾ 7 ਸਾਲਾਂ ਬਾਅਦ ਪਰਤਿਆ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਭਰ 'ਚ ਬੱਚਿਆਂ ਨੂੰ ਅਗ਼ਵਾ ਕਰਨ ਵਾਲੇ ਮਾਫ਼ੀਏ ਦੀ ਦਾਸਤਾਨ

Missing child return home after 7 years

ਕੋਟਕਪੂਰਾ : ਭਾਵੇਂ ਫ਼ਰੀਦਕੋਟ ਸ਼ਹਿਰ ਤੋਂ ਅਨੇਕਾਂ ਬੱਚਿਆਂ, ਨੌਜਵਾਨਾਂ ਅਤੇ ਵਡੇਰੀ ਉਮਰ ਦੇ ਵਿਅਕਤੀਆਂ ਦੀ ਭੇਦਭਰੀ ਹਾਲਤ 'ਚ ਗੁੰਮਸ਼ੁਦਗੀ ਵਾਲਾ ਰਹੱਸ ਅੱਜ ਕਈ ਸਾਲਾਂ ਬਾਅਦ ਵੀ ਬਰਕਰਾਰ ਹੈ ਪਰ ਕੋਟਕਪੂਰੇ ਸ਼ਹਿਰ ਦੇ ਇਕ ਨੌਜਵਾਨ ਦੇ 7 ਸਾਲਾਂ ਬਾਅਦ ਅਚਾਨਕ ਘਰ ਪਰਤਣ ਨਾਲ ਪਰਵਾਰ 'ਚ ਖ਼ੁਸ਼ੀ ਦਾ ਮਾਹੌਲ ਹੈ। ਪਰਵਾਰਕ ਮੈਂਬਰ ਤਾਂ ਅਪਣੇ ਪੁੱਤਰ ਨੂੰ ਲੱਭ-ਲੱਭ ਕੇ ਥੱਕ ਹਾਰ ਕੇ ਬੈਠ ਗਏ ਪਰ ਅਚਾਨਕ ਅਪਣੇ ਪੁੱਤਰ ਨੂੰ ਘਰ ਆਇਆ ਵੇਖ ਕੇ ਉਸਦੇ ਮਾਤਾ-ਪਿਤਾ ਦੀਆਂ ਅੱਖਾਂ 'ਚੋਂ ਖ਼ੁਸ਼ੀ ਦੇ ਹੰਝੂ ਛਲਕ ਪਏ। 

ਸਥਾਨਕ ਜੈਤੋ ਸੜਕ ਦੇ ਵਸਨੀਕ ਗੁਰਵਿੰਦਰ ਸਿੰਘ ਮੌਂਗਾ ਨੇ ਦਸਿਆ ਕਿ ਉਸਦਾ ਬੇਟਾ ਯਾਦਵਿੰਦਰ ਸਿੰਘ ਯਾਦੂ 5-7-2012 ਵਿਚ ਪੰਜਵੀਂ ਜਮਾਤ 'ਚ ਪੜ੍ਹਦਾ ਸੀ ਤੇ ਉਸ ਸਮੇਂ ਉਸਦੀ ਉਮਰ ਮਹਿਜ 11 ਸਾਲ ਸੀ, ਜਦੋਂ ਉਹ ਸ਼ਾਮ 5 ਕੁ ਵਜੇ ਕਿਲਾ ਪਾਰਕ ਵਿਖੇ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਰੁਮਾਲ ਸੁੰਘਾਇਆ ਅਤੇ ਯਾਦੂ ਬੇਹੋਸ਼ ਹੋ ਗਿਆ ਅਤੇ ਅਗ਼ਵਾ ਕਰ ਲਿਆ ਗਿਆ ਸੀ। ਘਰ ਪਰਤੇ ਨੌਜਵਾਨ ਵਲੋਂ ਰੋਂਦਿਆਂ ਕੱਟੇ ਦਿਨ-ਰਾਤਾਂ ਦੀ ਦਾਸਤਾਨ ਵੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ।

ਹੁਣ ਕਰੀਬ 19 ਸਾਲਾਂ ਦੇ ਹੋ ਚੁੱਕੇ ਯਾਦਵਿੰਦਰ ਸਿੰਘ ਯਾਦੂ ਮੁਤਾਬਿਕ ਉਸਨੂੰ ਅਗ਼ਵਾਕਾਰਾਂ ਨੇ ਪਹਿਲਾਂ ਅੰਮ੍ਰਿਤਸਰ ਨੇੜੇ ਕਿਸੇ ਅਗਿਆਤ ਥਾਂ 'ਤੇ ਬੰਦ ਕਮਰੇ 'ਚ ਕਰੀਬ 2 ਮਹੀਨਿਆਂ ਤਕ ਡੱਕ ਕੇ ਰੱਖਿਆ, ਉਥੇ ਹੋਰ ਵੀ ਪੰਜਾਬ, ਹਰਿਆਣਾ, ਦਿੱਲੀ ਜਾਂ ਹੋਰ ਰਾਜਾਂ ਦੇ ਨੌਜਵਾਨ ਜਾਂ ਬੱਚੇ ਵੀ ਸਨ, ਜਿਨ੍ਹਾਂ ਨੂੰ ਆਪਸ 'ਚ ਗੱਲਬਾਤ ਕਰਨ ਦੀ ਇਜਾਜਤ ਨਹੀਂ ਸੀ। ਜਿਹੜਾ ਬੱਚਾ ਜਾਂ ਨੌਜਵਾਨ ਚੁੱਪ ਕਰਾਉਣ ਦੇ ਬਾਵਜੂਦ ਰੋਣ ਤੋਂ ਨਾ ਹਟਦਾ ਤਾਂ ਉਸਦਾ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਿਆ ਜਾਂਦਾ।

ਯਾਦੂ ਮੁਤਾਬਿਕ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਅਤੇ ਹੋਰ ਪਾਲਤੂ ਜਾਨਵਰਾਂ ਦਾ ਬਹੁਤ ਵੱਡਾ ਵਪਾਰ ਕਰਨ ਵਾਲੇ ਵਪਾਰੀਆਂ ਨੇ ਉਸਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਖੇ ਲਿਜਾ ਕੇ ਡੰਗਰ ਚਾਰਨ ਦੇ ਕੰਮ 'ਤੇ ਲਾ ਦਿਤਾ, ਉਥੇ ਹੋਰ ਵੀ ਪੰਜਾਬ ਜਾਂ ਹੋਰ ਰਾਜਾਂ ਤੋਂ ਅਗ਼ਵਾ ਕਰ ਕੇ ਲਿਆਂਦੇ ਗਏ ਨੌਜਵਾਨ ਤੇ ਬੱਚੇ ਵੀ ਇਸੇ ਤਰ੍ਹਾਂ ਡੰਗਰ ਚਾਰਦੇ ਸਨ ਪਰ ਕਿਸੇ ਨੂੰ ਵੀ ਇਕ ਦੂਜੇ ਨਾਲ ਗੱਲਬਾਤ ਕਰਨ ਦੀ ਇਜਾਜਤ ਨਹੀਂ ਸੀ। ਜੇਕਰ ਕੋਈ ਅਨਜਾਣਪੁਣੇ 'ਚ ਅਜਿਹੀ ਗ਼ਲਤੀ ਕਰ ਬੈਠਦਾ ਤਾਂ ਉਸ ਉਪਰ ਅਣਮਨੁੱਖੀ ਤਸ਼ੱਦਦ ਢਾਹਿਆ ਜਾਂਦਾ। ਜੇ ਫਿਰ ਵੀ ਉਹ ਗ਼ਲਤੀ ਦੁਹਰਾ ਬੈਠਦਾ ਤਾਂ ਉਸਦਾ ਕਤਲ ਕਰ ਕੇ ਨਹਿਰ 'ਚ ਸੁੱਟ ਦਿਤਾ ਜਾਂਦਾ। ਪਹਿਲਾਂ ਅੰਮ੍ਰਿਤਸਰ ਅਤੇ ਫਿਰ ਸ਼੍ਰੀਨਗਰ ਵਿਖੇ ਅਗ਼ਵਾ ਕਰ ਕੇ ਲਿਆਂਦੇ ਬੱਚਿਆਂ ਨੂੰ ਬੇਹੋਸ਼ੀ ਵਾਲੇ ਟੀਕੇ ਲਾ ਕੇ ਲਗਾਤਾਰ 24-24 ਘੰਟੇ ਬੇਹੋਸ਼ ਰੱਖਿਆ ਜਾਂਦਾ ਤੇ ਉਨ੍ਹਾਂ ਦੀ ਕੋਸ਼ਿਸ਼ ਅਗ਼ਵਾ ਬੱਚਿਆਂ ਤੇ ਨੌਜਵਾਨਾ ਦੀ ਯਾਦਾਸ਼ਤ ਭੁਲਾਉਣ 'ਚ ਰਹਿੰਦੀ। 

ਯਾਦੂ ਅਤੇ ਉਸਦੇ ਪਿਤਾ ਗੁਰਵਿੰਦਰ ਸਿੰਘ ਨੇ ਦਸਿਆ ਕਿ ਇਕ ਦਿਨ ਪੰਜਾਬ ਤੋਂ ਗਏ ਟਰੱਕ ਚਾਲਕਾਂ ਨਾਲ ਸੰਪਰਕ ਹੋਣ 'ਤੇ ਉਨ੍ਹਾਂ ਯਾਦੂ ਨੂੰ ਬੱਸ ਦਾ ਕਿਰਾਇਆ ਦੇ ਕੇ ਚਿੰਤਪੁਰਨੀ ਦੀ ਬੱਸ 'ਚ ਬਿਠਾਉਂਦਿਆਂ ਅੱਗੇ ਅਪਣੇ ਘਰ ਪਹੁੰਚਣ ਬਾਰੇ ਸਮਝਾ ਦਿਤਾ। ਅੱਜ ਅਪਣੇ ਘਰ ਪੁੱਜੇ ਯਾਦਵਿੰਦਰ ਸਿੰਘ ਯਾਦੂ ਨੇ ਅਪਣੀ ਮਾਂ ਨੂੰ ਤਾਂ ਨਾ ਪਛਾਣਿਆ ਪਰ ਅਪਣੇ ਛੋਟੇ ਭਰਾ ਅਤੇ ਪਿਤਾ ਨੂੰ ਪਛਾਣ ਕੇ ਅਪਣੇ ਪਿੰਡੇ 'ਤੇ ਹੰਢਾਈ ਦਾਸਤਾਨ ਸਾਂਝੀ ਕੀਤੀ। ਅੱਜ ਤੋਂ ਕਰੀਬ 7 ਸਾਲ ਪਹਿਲਾਂ 5-7-2012 ਨੂੰ ਸਿਟੀ ਥਾਣਾ ਕੋਟਕਪੂਰਾ ਵਿਖੇ ਦਰਜ ਕਰਾਈ ਸ਼ਿਕਾਇਤ ਦੇ ਆਧਾਰ 'ਤੇ ਜਦੋਂ ਗੁਰਵਿੰਦਰ ਸਿੰਘ ਪੱਤਰਕਾਰਾਂ ਦੀ ਹਾਜ਼ਰੀ 'ਚ ਅਪਣੇ ਬੇਟੇ ਯਾਦਵਿੰਦਰ ਨੂੰ ਥਾਣੇ ਲੈ ਕੇ ਗਿਆ ਤਾਂ ਥਾਣਾ ਮੁਖੀ ਜਤਿੰਦਰ ਸਿੰਘ ਨੇ ਯਾਦੂ ਦੇ ਬਿਆਨ ਕਲਮਬੰਦ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿਤੀ।