ਕੋਰੋਨਾ ਸੰਕਟ ਦੌਰਾਨ ਵਿਜੈ ਮਾਲਿਆ ਨੇ ਕੀਤੀ ਪੈਸੇ ਵਾਪਸ ਕਰਨ ਦੀ ਪੇਸ਼ਕਸ਼
ਭਾਰਤ ਦੇ ਭਗੋੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਇਕ ਵਾਰ ਫਿਰ ਅਪਣਾ ਸਾਰਾ ਕਰਜ਼ਾ ਵਾਪਸ ਕਰਨ ਦੀ ਗੱਲ ਕਹੀ ਹੈ
ਨਵੀਂ ਦਿੱਲੀ: ਭਾਰਤ ਦੇ ਭਗੋੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਇਕ ਵਾਰ ਫਿਰ ਅਪਣਾ ਸਾਰਾ ਕਰਜ਼ਾ ਵਾਪਸ ਕਰਨ ਦੀ ਗੱਲ ਕਹੀ ਹੈ। ਟਵਿਟਰ ‘ਤੇ ਵਿਜੈ ਮਾਲਿਆ ਨੇ ਅਪੀਲ ਕੀਤੀ ਅਤੇ ਕਿਹਾ ਕਿ ਬੈਂਕ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਇਸ ਵਿਚ ਉਹਨਾਂ ਦੀ ਮਦਦ ਨਹੀਂ ਕਰ ਰਹੇ। ਇਸੇ ਦੌਰਾਨ ਭਾਰਤ ਵਿਚ ਕੋਰੋਨਾ ਕਾਰਨ ਲੌਕਡਾਊਨ ਨੂੰ ਲੈ ਕੇ ਵੀ ਵਿਜੈ ਮਾਲਿਆ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ।
ਸ਼ਰਾਬ ਕਾਰੋਬਾਰੀ ਨੇ ਲਿਖਿਆ, ‘ਭਾਰਤ ਸਰਕਾਰ ਨੇ ਪੂਰੇ ਦੇਸ਼ ਨੂੰ ਲੌਕਡਾਊਨ ਕੀਤਾ ਹੈ, ਜੋ ਕਿਸੇ ਨੇ ਸੋਚਿਆ ਨਹੀਂ ਸੀ। ਅਸੀਂ ਇਸ ਦਾ ਸਨਮਾਨ ਕਰਦੇ ਹਾਂ ਪਰ ਇਸੇ ਕਾਰਨ ਮੇਰੀਆਂ ਕੰਪਨੀਆਂ ਦਾ ਕੰਮ ਬੰਦ ਹੋ ਗਿਆ ਹੈ। ਹਰ ਤਰ੍ਹਾਂ ਦੀ ਮੈਨਿਊਫੈਕਚਰਿੰਗ ਵੀ ਬੰਦ ਹੈ। ਇਸ ਦੇ ਬਾਵਜੂਦ ਵੀ ਅਸੀਂ ਅਪਣੇ ਕਰਮਚਾਰੀਆਂ ਨੂੰ ਘਰ ਨਹੀਂ ਭੇਜ ਰਹੇ ਅਤੇ ਉਹਨਾਂ ਦੀ ਕੀਮਤ ਚੁਕਾ ਰਹੇ ਹਾਂ। ਸਰਕਾਰ ਨੂੰ ਸਾਡੀ ਮਦਦ ਕਰਨੀ ਹੋਵੇਗੀ’।
ਇਸ ਤੋਂ ਇਲਾਵਾ ਉਹਨਾਂ ਲਿਖਿਆ ਕਿ ਉਹ ਕਈ ਵਾਰ ਅਜਿਹੀ ਪੇਸ਼ਕਸ਼ ਕਰ ਚੁੱਕੇ ਹਨ ਕਿ ਉਹ ਬੈਂਕ ਦਾ ਸਾਰਾ ਪੈਸਾ ਵਾਪਸ ਕਰਨ ਲਈ ਹਨ ਪਰ ਨਾ ਬੈਂਕ ਪੈਸਾ ਲੈਣ ਲਈ ਤਿਆਰ ਹੈ ਅਤੇ ਨਾ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਮਦਦ ਲਈ ਤਿਆਰ ਹੈ। ਮੈਨੂੰ ਉਮੀਦ ਹੈ ਕਿ ਵਿੱਤ ਮੰਤਰੀ ਇਸ ਸੰਕਟ ਦੀ ਘੜੀ ਵਿਚ ਉਹਨਾਂ ਦੀ ਗੱਲ ਸੁਣੇਗੀ।
ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਵਿਜੈ ਮਾਲਿਆ ਨੇ ਟਵਿਟਰ ਜ਼ਰੀਏ ਇਸ ਤਰ੍ਹਾਂ ਪੈਸੇ ਵਾਪਿਸ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਅਜਿਹਾ ਕਰ ਚੁੱਕੇ ਹਨ। ਉਹ ਪਿਛਲੇ ਚਾਰ ਸਾਲ ਤੋਂ ਲੰਡਨ ਵਿਚ ਹੀ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।