RBI News: ਬਰਤਾਨੀਆ ਤੋਂ ਭਾਰਤ ਆਇਆ ਕਈ ਸਾਲ ਪੁਰਾਣਾ ਸੋਨੇ ਦਾ ਖਜ਼ਾਨਾ, RBI ਨੂੰ ਵਾਪਸ ਮਿਲਿਆ 100 ਟਨ ਸੋਨਾ
ਭਾਰਤ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਯੂਨਾਈਟਿਡ ਕਿੰਗਡਮ ਯਾਨੀ ਬ੍ਰਿਟੇਨ ਤੋਂ ਹੋਰ ਸੋਨਾ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
RBI News: ਭਾਰਤੀ ਰਿਜ਼ਰਵ ਬੈਂਕ ਨੇ ਬ੍ਰਿਟੇਨ ਤੋਂ 100 ਟਨ ਸੋਨਾ ਵਾਪਸ ਵਤਨ ਲਿਆਂਦਾ ਹੈ। ਇਹ ਸੋਨਾ ਆਰਬੀਆਈ ਦੇ ਭੰਡਾਰ ਵਿਚ ਜਮ੍ਹਾਂ ਕਰਾਇਆ ਗਿਆ ਹੈ। ਭਾਰਤ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਯੂਨਾਈਟਿਡ ਕਿੰਗਡਮ ਯਾਨੀ ਬ੍ਰਿਟੇਨ ਤੋਂ ਹੋਰ ਸੋਨਾ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
ਦੱਸ ਦੇਈਏ ਕਿ ਸਾਲ 1991 'ਚ ਦੇਸ਼ 'ਚ ਵਿਦੇਸ਼ੀ ਮੁਦਰਾ ਸੰਕਟ ਕਾਰਨ ਭਾਰਤ ਨੂੰ ਇਹ ਸੋਨਾ ਗਿਰਵੀ ਰੱਖਣਾ ਪਿਆ ਸੀ, ਜਿਸ ਦੌਰਾਨ ਦੇਸ਼ ਦੀ ਕਾਫੀ ਆਲੋਚਨਾ ਹੋਈ ਸੀ। 1991 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਇੰਨੀ ਵੱਡੀ ਮਾਤਰਾ ਵਿਚ ਸੋਨੇ ਦੀ ਘਰ ਵਾਪਸੀ ਕੀਤੀ ਹੈ। ਭਾਰਤ ਨੂੰ 100 ਟਨ ਸੋਨਾ ਵਾਪਸ ਆਉਣ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਨੂੰ ਕਾਫੀ ਮਜ਼ਬੂਤੀ ਮਿਲੇਗੀ।
ਜਾਣਕਾਰੀ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਨੇ ਲੌਜਿਸਟਿਕ ਕਾਰਨਾਂ ਦੇ ਨਾਲ-ਨਾਲ ਸਟੋਰੇਜ ਦੀ ਵਿਭਿੰਨਤਾ ਦੇ ਮੱਦੇਨਜ਼ਰ ਬ੍ਰਿਟੇਨ ਤੋਂ ਸੋਨਾ ਵਾਪਸ ਭਾਰਤ ਲਿਆਂਦਾ ਹੈ। ਇਸ ਸੋਨੇ ਦੇ ਸਟੋਰੇਜ਼ ਦੀ ਗੱਲ ਕਰੀਏ ਤਾਂ ਘਰੇਲੂ ਤੌਰ 'ਤੇ ਇਹ ਸੋਨਾ ਮੁੰਬਈ ਦੇ ਮਿੰਟ ਰੋਡ ਅਤੇ ਨਾਗਪੁਰ ਸਥਿਤ ਭਾਰਤੀ ਰਿਜ਼ਰਵ ਬੈਂਕ ਦੇ ਪੁਰਾਣੇ ਦਫਤਰ ਦੀ ਸੇਫ 'ਚ ਰੱਖਿਆ ਗਿਆ ਹੈ।
ਆਰਬੀਆਈ ਦੁਆਰਾ ਜਾਰੀ ਕੀਤੇ ਗਏ ਸਾਲਾਨਾ ਅੰਕੜਿਆਂ ਅਨੁਸਾਰ, ਕੇਂਦਰ ਸਰਕਾਰ ਕੋਲ 31 ਮਾਰਚ, 2024 ਤਕ ਵਿਦੇਸ਼ੀ ਮੁਦਰਾ ਭੰਡਾਰ ਦੇ ਹਿੱਸੇ ਵਜੋਂ 822.10 ਟਨ ਸੋਨਾ ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 794.63 ਟਨ ਸੀ। 1991 ਵਿਚ, ਚੰਦਰਸ਼ੇਖਰ ਸਰਕਾਰ ਨੇ ਭੁਗਤਾਨ ਸੰਤੁਲਨ ਸੰਕਟ ਨਾਲ ਨਜਿੱਠਣ ਲਈ ਸੋਨਾ ਗਿਰਵੀ ਰੱਖਿਆ ਸੀ। 4 ਅਤੇ 18 ਜੁਲਾਈ 1991 ਦੇ ਵਿਚਕਾਰ, ਆਰਬੀਆਈ ਨੇ 400 ਮਿਲੀਅਨ ਡਾਲਰ ਜੁਟਾਉਣ ਲਈ ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਜਾਪਾਨ ਨਾਲ 46.91 ਟਨ ਸੋਨਾ ਦੇਣ ਦਾ ਵਾਅਦਾ ਕੀਤਾ ਸੀ।