ਲੌਕਡਾਊਨ ਵਿਚ ਵੀ ਮਾਲਾਮਾਲ ਹੋਇਆ SBI, 81 ਫੀਸਦੀ ਵਧਿਆ ਮੁਨਾਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲਗਾਏ ਗਏ ਲੌਕਡਾਊਨ ਨਾਲ ਜ਼ਿਆਦਾਤਰ ਸੈਕਟਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

SBI

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲਗਾਏ ਗਏ ਲੌਕਡਾਊਨ ਨਾਲ ਜ਼ਿਆਦਾਤਰ ਸੈਕਟਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰਿਜ਼ਰਵ ਬੈਂਕ ਅਨੁਸਾਰ ਬੈਂਕਿੰਗ ਸੈਕਟਰ ਵਿਚ ਵੀ ਇਸ ਦਾ ਅਸਰ ਹੋਵੇਗਾ ਅਤੇ ਬੈਡ ਲੋਨ ਵਿਚ ਇਜ਼ਾਫਾ ਹੋ ਸਕਦਾ ਹੈ। ਪਰ ਸਵਾਲ ਇਹ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਦੀ ਵਿੱਤੀ ਹਾਲਤ ਕਿਹੋ ਜਿਹੀ ਹੈ?

81 ਫੀਸਦੀ ਵਧਿਆ ਲਾਭ

ਅਪ੍ਰੈਲ ਤੋਂ ਜੂਨ ਵਿਚਕਾਰ ਭਾਰਤੀ ਸਟੇਟ ਬੈਂਕ ਦਾ ਲਾਭ 81 ਫੀਸਦੀ ਵਧ ਗਿਆ ਹੈ। ਇਹ ਜਾਣਕਾਰੀ ਖੁਦ ਐਸਬੀਆਈ ਨੇ ਦਿੱਤੀ ਹੈ। ਬੈਂਕ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ ਮੁਨਾਫ਼ਾ 4,189.34 ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ।

ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੇ 2,312.02 ਕਰੋੜ ਰੁਪਏ ਦਾ ਲਾਭ ਕਮਾਇਆ ਸੀ। ਤਿਮਾਹੀ ਦੌਰਾਨ ਐਸਬੀਆਈ ਦੀ ਕੁੱਲ ਆਮਦਨ ਵਧ ਕੇ 74,257.86 ਕਰੋੜ ਰੁਪਏ ‘ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ 70,653.23  ਕਰੋੜ ਰੁਪਏ ਰਹੀ ਸੀ।

ਕਿਉਂ ਹੋਇਆ ਮੁਨਾਫ਼ਾ?

ਦਰਅਸਲ ਡੁੱਬਿਆ ਕਰਜ਼ਾ ਘਟਣ ਨਾਲ ਬੈਂਕ ਦਾ ਲਾਭ ਵਧਿਆ ਹੈ। ਪਹਿਲੀ ਤਿਮਾਹੀ ਦੌਰਾਨ ਬੈਂਕ ਦੀ ਐਨਪੀਏ ਘਟ ਕੇ 5.44 ਪ੍ਰਤੀਸ਼ਤ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ 7.53 ਫੀਸਦੀ ਸੀ। ਐਸਬੀਆਈ ਦੇ ਤਿਮਾਹੀ ਨਤੀਜਿਆਂ ਵਿਚ ਮੁਨਾਫ਼ੇ ਤੋਂ ਬਾਅਦ ਬੈਂਕ ਦੇ ਸ਼ੇਅਰ ਵਿਚ ਰੌਣਕ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੇ ਅੰਤ ਵਿਚ ਐਸਬੀਆਈ ਦੇ ਸ਼ੇਅਰ 191.45 ਰੁਪਏ ਦੀ ਕੀਮਤ ‘ਤੇ ਬੰਦ ਹੋਏ। ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ 2.63 ਫੀਸਦੀ ਦਾ ਵਾਧਾ ਹੈ।

 ਰਿਜ਼ਰਵ ਬੈਂਕ ਦੇ ਤਾਜ਼ਾ ਅਨੁਮਾਨ ਮੁਤਾਬਕ ਮਾਰਚ 2021 ਤੱਕ ਬੈਂਕਾਂ ਦਾ ਬੈਡ ਲੋਨ ਯਾਨੀ ਐਨਪੀਏ 8.5 ਫੀਸਦੀ ਤੋਂ ਵਧ ਕੇ 12.5 ਫੀਸਦੀ ਹੋ ਸਕਦਾ ਹੈ। ਆਰਬੀਆਈ ਦੀ ਵਿੱਤੀ ਸਥਿਰਤਾ ਰਿਪੋਰਟ (Financial Stability Report) ਮੁਤਾਬਕ ਗ੍ਰਾਸ ਐਨਪੀਏ ਵਿਚ ਇਜ਼ਾਫਾ ਹੋਵੇਗਾ ਅਤੇ ਇਹ ਵਧ ਕੇ 14.7 ਫੀਸਦੀ ਤੱਕ ਜਾ ਸਕਦਾ ਹੈ।