ਬੈਂਕ ਵਿਚ ਨਹੀਂ ਮਿਲੀ ਨੌਕਰੀ ਤਾਂ ਪਿਓ-ਪੁੱਤਰ ਨੇ ਖੋਲ੍ਹੀ SBI ਦੀ ਫਰਜ਼ੀ ਬ੍ਰਾਂਚ, ਦੋਵੇਂ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦਾ ਫਾਇਦਾ ਚੁੱਕ ਕੇ ਸਟੇਟ ਬੈਂਕ ਆਫ ਇੰਡੀਆ ਦੀ ਫਰਜ਼ੀ ਬ੍ਰਾਂਚ ਖੋਲ੍ਹਣ ਦੇ ਅਰੋਪ ਵਿਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Bank

ਨਵੀਂ ਦਿੱਲੀ: ਲੌਕਡਾਊਨ ਦਾ ਫਾਇਦਾ ਚੁੱਕ ਕੇ ਸਟੇਟ ਬੈਂਕ ਆਫ ਇੰਡੀਆ ਦੀ ਫਰਜ਼ੀ ਬ੍ਰਾਂਚ ਖੋਲ੍ਹਣ ਦੇ ਅਰੋਪ ਵਿਚ ਤਮਿਲਨਾਡੂ ਦੀ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਤਮਿਲਨਾਡੂ ਦੇ ਕਡਲੋਰ  ਜ਼ਿਲੇ ਵਿਚ ਸਟੇਟ ਬੈਂਕ ਦੇ ਇਕ ਸਾਬਕਾ ਕਰਮਚਾਰੀ ਨੇ ਅਪਣੇ ਪੁੱਤਰ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਸਟੇਟ ਬੈਂਕ ਦੀ ਹੀ ਫਰਜ਼ੀ ਬ੍ਰਾਂਚ ਖੋਲ੍ਹ ਲਈ।

ਜਦੋਂ ਸਟੇਟ ਬੈਂਕ ਆਫ ਇੰਡੀਆ ਦੇ ਅਸਲੀ ਸ਼ਾਖਾ ਪ੍ਰਬੰਧਕ ਉੱਥੇ ਪਹੁੰਚੇ ਤਾਂ ਉਹ ਵੀ ਬੈਂਕ ਦੇਖ ਦੇ ਹੈਰਾਨ ਰਹਿ ਗਏ ਕਿਉਂਕਿ ਬੈਂਕ ਬਿਲਕੁਲ ਅਸਲੀ ਲੱਗ ਰਿਹਾ ਸੀ। ਇਸ ਨਕਲੀ ਬੈਂਕ ਸ਼ਾਖਾ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਸਟੇਟ ਬੈਂਕ ਦੇ ਇਕ ਗਾਹਕ ਨੇ ਇਸ ਬ੍ਰਾਂਚ ਸਬੰਧੀ ਨਾਰਥ ਬਜ਼ਾਰ ਦੀ ਬ੍ਰਾਂਚ ਵਿਚ ਪੁੱਛਗਿੱਛ ਕੀਤੀ। ਗਾਹਕ ਦੀ ਪੁੱਛਗਿੱਛ ਤੋਂ ਬਾਅਦ ਬੈਂਕ ਅਧਿਕਾਰੀ ਫਰਜ਼ੀ ਬੈਂਕ ਦੀ ਜਾਂਚ ਕਰਨ ਪਹੁੰਚੇ।

ਜਦੋਂ ਅਧਿਕਾਰੀ ਬ੍ਰਾਂਚ ਵਿਚ ਪਹੁੰਚੇ ਤਾਂ ਹੈਰਾਨ ਰਹਿ ਗਏ, ਇਸ ਦੌਰਾਨ ਪਤਾ ਚੱਲਿਆ ਕਿ ਬੈਂਕ ਦੇ ਸਾਬਕਾ ਕਰਮਚਾਰੀ ਨੇ ਅਪਣੇ ਪੁੱਤਰ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਸੀ। ਰਿਪੋਰਟ ਮੁਤਾਬਕ ਕਮਲ ਅਪਣੇ ਪਿਤਾ ਨਾਲ ਬੈਂਕ ਆਉਂਦਾ ਰਹਿੰਦਾ ਸੀ, ਇਸ ਦੌਰਾਨ ਉਸ ਨੂੰ ਬੈਂਕ ਦੇ ਜ਼ਿਆਦਾਤਰ ਕੰਮਾਂ ਦੀ ਜਾਣਕਾਰੀ ਹੋ ਗਈ ਸੀ।

ਜਦੋਂ ਉਸ ਨੂੰ ਜਲਦੀ ਨੌਕਰੀ ਨਹੀਂ ਮਿਲੀ ਤਾਂ ਉਸ ਨੇ ਸਟੇਟ ਬੈਂਕ ਆਫ ਇੰਡਆ ਦੀ ਫਰਜ਼ੀ ਬ੍ਰਾਂਚ ਖੋਲ ਲਈ। ਹੁਣ ਦੋਵੇਂ ਪਿਓ-ਪੁੱਤਰ ਖ਼ਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 473, 469, 484, 109 ਦੇ ਤਹਿਤ ਮਾਮਲਾ ਦਰਜ ਕਰ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ।