ਚਰਚਾ ’ਚ ਪ੍ਰੋਸਟੇਟ ਕੈਂਸਰ, ਜਾਣੋ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਹੋਈ ਬਿਮਾਰੀ ਕਿੰਨੀ ਕੁ ਖ਼ਤਰਨਾਕ!
ਪੀ.ਜੀ.ਆਈ. ਦੇ ਮਾਹਿਰ ਡਾਕਟਰ ਸੰਤੋਸ਼ ਨੇ ਦੱਸੇ ਕਾਰਨ ਅਤੇ ਇਲਾਜ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਪ੍ਰੋਸਟੇਟ ਕੈਂਸਰ ਦੀ ਖ਼ਬਰ ਤੋਂ ਬਾਅਦ ਇਹ ਬਿਮਾਰੀ ਚਰਚਾ ’ਚ ਹੈ। ਇਸੇ ਮੁੱਦੇ ’ਤੇ ਪੀ.ਜੀ.ਆਈ. ਦੇ ਸੀਨੀਅਰ ਡਾਕਟਰ ਸੰਤੋਸ਼ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਪ੍ਰੋਸਟੇਟ ਕੈਂਸਰ ਸਿਰਫ਼ ਪੁਰਸ਼ਾਂ ਨੂੰ ਹੁੰਦਾ ਹੈ ਅਤੇ ਅਕਸਰ 45 ਸਾਲ ਦੀ ਉਮਰ ਤੋਂ ਬਾਅਦ ਹੀ ਹੁੰਦਾ ਹੈ। ਪ੍ਰੋਸਟੇਟ ਇਕ ਗਲੈਂਡ ਹੈ, ਜਿਸ ਨੂੰ ਸੈਕਸ ਗਲੈਂਡ ਵੀ ਕਹਿੰਦੇ ਹਨ।
ਜਦੋਂ ਬੱਚਾ ਪੈਦਾ ਹੁੰਦਾ ਹੈ ਉਦੋਂ ਹੀ ਉਸ ਅੰਦਰ ਪ੍ਰੋਸਟੇਟ ਹੁੰਦੀ ਹੈ ਪਰ 45 ਸਾਲ ਦੀ ਉਮਰ ਤੋਂ ਬਾਅਦ ਇਹ ਵਧਦੀ ਜਾਂਦੀ ਹੈ, ਜਿਸ ਤੋਂ ਬਾਅਦ ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੈ ਅਤੇ ਵਾਰ-ਵਾਰ ਆਉਂਦਾ ਹੈ। ਡਾਕਟਰ ਸੰਤੋਸ਼ ਨੇ ਦਸਿਆ ਕਿ ਕਈ ਵਾਰ ਤਾਂ ਪਿਸ਼ਾਬ ਵਿਚ ਖ਼ੂਨ ਵੀ ਆਉਂਦਾ ਹੈ, ਜੋ ਪ੍ਰੋਸਟੇਟ ਵਧਣ ਦੇ ਲੱਛਣ ਹਨ। ਕਈ ਵਾਰ ਇਸ ਨਾਲ ਕੈਂਸਰ ਵੀ ਹੋ ਜਾਂਦਾ ਹੈ ਜਿਸ ਦੇ ਵੀ ਬਹੁਤ ਸਾਰੇ ਕਾਰਨ ਹਨ।
ਇਸ ਦਾ ਇਕ ਕਾਰਨ ਤਾਂ ਵਧਦੀ ਉਮਰ ਹੈ ਅਤੇ ਦੂਜਾ ਕਾਰਨ ਸਾਡਾ ਖਾਣ-ਪੀਣ ਹੁੰਦਾ ਹੈ। ਮਾਸ ਜ਼ਿਆਦਾ ਖਾਣ, ਸ਼ਰਾਬ ਜ਼ਿਆਦਾ ਪੀਣ ਜਾਂ ਫਿਰ ਹਰੀ ਸਬਜ਼ੀਆਂ ਘੱਟ ਖਾਣਾ ਪ੍ਰੋਸਟੇਟ ਕੈਂਸਰ ਦਾ ਕਾਰਨ ਹੋ ਸਕਦਾ ਹੈ। ਇਸ ਕੈਂਸਰ ਦਾ ਜ਼ਿਆਦਾ ਅਸਰ ਹੱਡੀਆਂ ’ਤੇ ਪੈਂਦਾ ਹੈ ਅਤੇ ਸਾਡੇ ਸਰੀਰ ਵਿਚ ਦਰਦ ਰਹਿਣ ਲੱਗ ਪੈਂਦਾ ਹੈ। ਉਨ੍ਹਾਂ ਦਸਿਆ ਕਿ ਪ੍ਰੋਸਟੇਟ ਕੈਂਸਰ ਦੀ ਪਛਾਣ ਲਈ ਪੀ.ਐਸ.ਏ. ਟੈਸਟ ਕੀਤਾ ਜਾਂਦਾ ਹੈ।
ਅਲਟਰਾਸਾਊਂਡ ਕੀਤਾ ਜਾਂਦਾ ਹੈ ਜਿਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਪ੍ਰੋਸਟੇਟ ਕਿੰਨਾ ਵਧਿਆ ਹੋਇਆ ਹੈ। ਉਨ੍ਹਾਂ ਕਿਹਾ, ‘‘ਪ੍ਰੋਸਟੇਟ ਸਭ ਦਾ ਵਧਦਾ ਹੈ ਪਰ ਕੈਂਸਰ ਕਿਸੇ-ਕਿਸੇ ਨੂੰ ਹੁੰਦਾ ਹੈ। ਸਾਨੂੰ ਸਾਲ ’ਚ ਇਕ ਵਾਰ ਪੀ.ਐਸ.ਏ. ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਇਹ ਟੈਸਟ 300 ਤੋਂ 400 ਰੁਪਏ ਵਿਚ ਹੋ ਜਾਂਦਾ ਹੈ। ਜੇ ਸਮੇਂ ਰਹਿੰਦੇ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।’’
ਉਨ੍ਹਾਂ ਕਿਹਾ ਕਿ ਇਸ ਕੈਂਸਰ ਦੀ ਪਹਿਲੀ ਅਤੇ ਦੂਜੀ ਸਟੇਜ ’ਚ ਇਸ ਨੂੰ ਆਪਰੇਸ਼ਨ ਨਾਲ ਖ਼ਤਮ ਕੀਤਾ ਜਾ ਸਕਦਾ ਹੈ ਪਰ ਸਟੇਜ 4 ’ਤੇ ਪਹੁੰਚਣ ’ਤੇ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਭਾਵੇਂ ਇਸ ਨੂੰ ਕੰਟਰੋਲ ਕਰ ਕੇ ਜ਼ਿੰਦਗੀ ਵਧਾਈ ਜਾ ਸਕਦੀ ਹੈ।