ਪਹਿਲਗਾਮ ਅੱਤਵਾਦੀ ਹਮਲੇ ’ਤੇ ਬੋਲੇ ਸਾਬਕਾ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਕਿਹਾ, ਅੱਤਵਾਦੀ 1 ਦਿਨ ’ਚ ਉਥੇ ਨਹੀਂ ਪਹੁੰਚੇ, ਮਹੀਨਿਆਂ ਤੋਂ ਤਿਆਰੀ ਕਰ ਰਹੇ ਸੀ

Former Brigadier Kuldeep Singh Kahlon speaks on Pahalgam terrorist attack

22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਅੱਤਵਾਦੀਆਂ ਨੇ ਬੇਕਸੂਰ ਲੋਕਾਂ ’ਤੇ ਹਮਲਾ ਕਰ ਦਿਤਾ ਸੀ। ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਸਨ। ਹੁਣ ਭਾਰਤ ਦੇ ਲੋਕ ਇਨਸਾਫ਼ ਮੰਗ ਰਹੇ ਹਨ ਤੇ ਅੱਤਵਾਦੀਆਂ ਅਤੇ ਅੱਤਵਾਦ ’ਤੇ ਵੱਡੀ ਕਾਰਵਾਈ ਮੰਗ ਕਰ ਰਹੇ ਹਨ। ਭਾਰਤੀ ਲੋਕ ਪ੍ਰਧਾਨ ਮੰਤਰੀ ਨੂੰ ਵੀ ਕਹਿ ਰਹੇ ਹਨ ਕਿ ਇਸ ਹਮਲੇ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਭਾਰਤ ਸਰਕਾਰ ਨੇ ਵੱਡੇ ਫ਼ੈਸਲੇ ਵੀ ਲਏ ਹਨ, ਚਾਹੇ ਉਹ ਸਿੰਧੂ ਜਲ ਸਮਝੌਤਾ ਰੱਦ ਕਰਨ ਦਾ ਹੋਵੇ ਜਾਂ ਫਿਰ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ’ਚ ਕੱਢਣ ਦਾ ਫ਼ੈਸਲਾ ਹੋਵੇ।

ਦੂਜੇ ਪਾਸੇ ਪਾਕਿਸਤਾਨ ਨੇ ਵੀ ਸਿਮਲਾ ਸਮਝੌਤਾ ਰੱਦ ਕਰ ਦਿਤਾ ਹੈ ਤੇ ਭਾਰਤ ਵਿਰੁਧ ਤਿੱਖੇ ਬਿਆਨ ਦਿਤੇ ਜਾ ਰਹੇ ਹਨ। ਅੱਤਵਾਦ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਸਾਬਕਾ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿਚ ਇਕ ਘਿਣੌਨਾ ਕਾਂਡ ਹੋਇਆ ਹੈ। ਜਿਸ ਵਿਚ ਬੇਕਸੂਰ ਲੋਕ ਮਾਰੇ ਗਏ ਹਨ। ਜਿਸ ਕਰ ਕੇ ਦੇਸ਼ ਭਰ ਵਿਚ ਅੱਤਵਾਦ ਦਾ ਵਿਰੋਧ ਹੋ ਰਿਹਾ ਹੈ, ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਕਰ ਕੇ ਅੰਤਰਰਾਸ਼ਟਰੀ ਪੱਧਰ ’ਤੇ ਅੱਤਵਾਦ ਦਾ ਪ੍ਰਭਾਵ ਪੈ ਰਿਹਾ ਹੈ।

ਪਹਿਲਗਾਮ ਹਮਲੇ ਤੋਂ ਬਾਅਦ ਸੀਸੀਐਸ ਨੇ ਜੋ ਫ਼ੈਸਲੇ ਲਏ, ਜੋ ਮੀਟਿੰਗਾਂ ਕੀਤੀਆਂ ਉਹ ਬਹੁਤ ਅਹਿਮ ਤੇ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ। ਪਾਕਿਸਾਤਾਨ ਨਾਲ ਅਸੀਂ ਪਹਿਲਾਂ ਵੀ ਕਈ ਜੰਗਾਂ ਲੜ ਚੁੱਕੇ ਹਾਂ, ਇਹ ਜੰਗਾਂ ਦਾ ਸਿਲਸਿਲਾ 1947 ਤੋਂ ਜਦੋਂ ਦੇਸ਼ ਦੀ ਵੰਡ ਹੋਈ ਸੀ ਉਦੋਂ ਵੀ ਪਾਕਿਸਤਾਨ ਵਲੋਂ ਕਤਲੇਆਮ ਕੀਤਾ ਗਿਆ ਸੀ। ਫਿਰ ਇਨ੍ਹਾਂ ਨੇ 1965, ਕਤਰ ਤੇ ਫਿਰ ਕਾਰਗਿਲ ’ਚ ਭਾਰਤ ਨਾਲ ਜੰਗ ਕੀਤੀ, ਪਾਕਿਸਤਾਨ ਸਾਰੀਆਂ ਜੰਗਾਂ ਵਿਚ ਹਾਰਦਾ ਰਿਹਾ, ਪਰ ਫਿਰ ਵੀ ਉਸ ਨੇ ਸਬਕ ਨਹੀਂ ਸਿੱਖਿਆ। ਪਰ ਹੁਣ ਭਾਰਤ ਵਲੋਂ ਬਹੁਤ ਸੋਚ ਸਮਝ ਕੇ ਫ਼ੈਸਲੇ ਗਏ ਹਨ, ਇਨ੍ਹਾਂ ਫ਼ੈਸਲਿਆਂ ਨਾਲ ਪਾਕਿਸਤਾਨ ’ਤੇ ਬਹੁਤ ਵੱਡਾ ਅਸਰ ਪਵੇਗਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਨੇਤਾਵਾਂ ਵਿਚ ਬਹੁਤ ਘਬਰਾਹਟ ਬਣੀ ਹੋਈ ਹੈ। ਜਿਸ ਕਰ ਕੇ ਉਹ ਪੁੱਠੀ ਸਿੱਧੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਜੰਗ ਹੁੰਦੀ ਹੈ ਤਾਂ ਖ਼ੂਨ ਖ਼ਰਾਬਾ ਤਾਂ ਹੋਵੇਗਾ ਪਰ ਜ਼ਿਆਦਾ ਨੂਕਸਾਨ ਪਾਕਿਸਤਾਨ ਦਾ ਹੋਵੇਗਾ ਤੇ ਸਾਡੇ ਪੰਜਾਬ ਨੂੰ ਵੀ ਨੂਕਸਾਨ ਝੱਲਣਾ ਪਵੇਗਾ। ਸੰਸਾਰ ਵਿਚ ਜਿੰਨੀਆਂ ਵੀ ਜੰਗਾਂ ਹੋਈਆਂ ਹਨ ਉਨ੍ਹਾਂ ਵਿਚ ਨੁਕਸਾਨ ਹੀ ਹੋਇਆ ਹੈ ਤੇ ਜੇ ਹੁਣ ਜੰਗ ਹੁੰਦੀ ਹੈ ਤਾਂ ਫ਼ੌਜ ਦਾ ਨੁਕਸਾਨ ਤਾਂ ਹੋਵੇਗਾ ਹੀ, ਨਾਲ ਜਨਤਾ ਦਾ ਵੀ ਨੁਕਸਾਨ ਹੋਵੇਗਾ ਤੇ ਦੇਸ਼ ਨੂੰ ਮਾਲੀ ਨੁਕਸਾਨ ਵੀ ਝੱਲਣਾ ਪਵੇਗਾ।

ਉਨ੍ਹਾਂ ਕਿਹਾ ਕਿ ਮੈਂ ਦੋ ਜੰਗਾਂ ਲੜੀਆਂ ਹਨ, ਜਿਨ੍ਹਾਂ ਵਿਚ ਦੇਸ਼ ਤੇ ਆਮ ਲੋਕਾਂ ਦਾ ਨੁਕਸਾਨ ਤਾਂ ਹੋਇਆ ਹੀ ਪਰ ਉਹ ਇਲਾਕੇ ਅੱਜ ਵੀ ਉਭਰ ਨਹੀਂ ਸਕੇ। ਜੰਗ ਦੌਰਾਨ ਹੋਇਆ ਨੁਕਸਾਨ ਕਈ-ਕਈ ਸਾਲ ਪੂਰਾ ਨਹੀਂ ਹੁੰਦਾ ਤੇ ਖ਼ਾਸ ਕਰ ਕੇ ਜਾਨੀ ਨੁਕਸਾਨ ਤਾਂ ਕਦੇ ਵੀ ਪੂਰਾ ਨਹੀਂ ਹੁੰਦਾ। ਪਹਿਲਗਾਮ ’ਚ ਜੋ ਹਮਲਾ ਹੋਇਆ ਹੈ ਇਹ ਇਕ ਦਿਨ ਵਿਚ ਨਹੀਂ ਹੋਇਆ ਹੈ, ਇਸ ਹਮਲੇ ਦੀ ਤਿਆਰੀ ਘੱਟੋ-ਘੱਟ 2 ਮਹੀਨੇ ਤੋਂ ਹੋ ਰਹੀ ਸੀ ਤੇ ਇਹ ਅੱਤਵਾਦੀ ਵੀ 2 ਮਹੀਨਿਆਂ ਤੋਂ ਉਥੇ ਰਹਿ ਰਹੇ ਸਨ। ਜਿਹੜੇ ਅੱਤਵਾਦੀਆਂ ਨੇ ਕਪੜੇ, ਵਰਦੀਆਂ ਆਦਿ ਪਾਏ ਹੋਏ ਸੀ ਉਹ ਪਾਕਿਸਤਾਨ ਤੋਂ ਆਏ ਨਹੀਂ, ਉਹ ਵੀ ਇਥੇ ਹੀ ਤਿਆਰ ਹੋਏ ਹੋਣਗੇ।

ਜੇ ਜੰਮੂ ਕਸ਼ਮੀਰ ਦੀ ਪੁਲਿਸ, ਆਰਮੀ ਜਾਂ ਫਿਰ ਏਜੰਸੀਆਂ ਨੂੰ ਇਨ੍ਹਾਂ ਅੱਤਵਾਦੀਆਂ ਦੇ ਠਿਕਾਣਿਆਂ ਦਾ ਪਤਾ ਸੀ ਜਿਨ੍ਹਾਂ ਨੂੰ ਢਾਹਿਆ ਜਾ ਰਿਹਾ ਹੈ, ਇਹ ਕਾਰਵਾਈ ਪਹਿਲਾਂ ਕਿਉਂ ਨਹੀਂ ਕੀਤੀ ਗਈ, ਕਿਉਂਕਿ ਉਥੋਂ ਦੀ ਜਨਤਾ ਇਕੱਠੀ ਹੋ ਗਈ ਹੈ। ਜਨਤਾ ਨੂੰ ਪਤਾ ਲੱਗ ਗਿਆ ਹੈ ਕਿ ਸਾਡੇ ਪੇਟ ’ਤੇ ਲੱਤ ਮਾਰੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਲੋਕਾਂ ਦਾ ਗੁਜ਼ਾਰਾ ਹੀ ਇਨ੍ਹਾਂ ਘੁੰਮਣ ਗਏ ਲੋਕਾਂ ਤੋਂ ਹੀ ਚੱਲਦਾ ਹੈ। ਮੈਂ ਚਾਹੁੰਦਾ ਹਾਂ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਘਟਨਾ ਦਾ ਕੌਣ ਜ਼ਿੰਮੇਵਾਰ ਹੈ।

ਅਸੀਂ 1947 ਤੋਂ ਅੱਤਵਾਦ ਨੂੰ ਖ਼ਤਮ ਕਰਨ ਲਈ ਲੱਗੇ ਹੋਏ ਹਾਂ, ਪਰ ਇਹ ਵਧਦਾ ਹੀ ਜਾ ਰਿਹਾ ਹੈ, ਮੈਂ ਇਸ ਦਾ ਜ਼ਿੰਮੇਵਾਰ ਸਾਡੇ ਨੇਤਾਵਾਂ ਨੂੰ ਮੰਨਦਾ ਹਾਂ। ਜੰਮੂ ਕਸ਼ਮੀਰ ਵਿਚ ਸੱਭ ਤੋਂ ਜ਼ਿਆਦਾ ਫ਼ੰਡ ਜਾਂਦੇ ਰਹੇ, ਪਰ ਉਹ ਜਨਤਾ ਤਕ ਕਿਉਂ ਨਹੀਂ ਪਹੁੰਚੇ ਕਿਉਂ ਕਿ ਉਹ ਸਾਡੇ ਨੇਤਾ ਖਾਦੇ ਰਹੇ। ਅੱਤਵਾਦ ਪੈਦਾ ਕਰਨ ਦਾ ਜ਼ਿੰਮੇਵਾਰ ਸੱਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਬਣੀ। ਜੰਮੂ ਕਸ਼ਮੀਰ ਵਿਚ ਰੁਜ਼ਗਾਰ ਘੱਟ ਹੋਣ ਕਰ ਕੇ ਤੇ ਗ਼ਰੀਬੀ ਹੋਣ ਕਰ ਕੇ ਉਥੋਂ ਦੇ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਲਈ ਪਾਕਿਸਤਾਨ ਨੇ ਫ਼ਾਇਦਾ ਲਿਆ।

ਅਮਰੀਕਾ ਤਾਂ ਦੋ ਪੱਖੀ ਖੇਡ ਖੇਡਦਾ ਹੈ ਸਾਨੂੰ ਸਾਰੇ ਮੁਲਕਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ, ਕਿਉਂਕਿ ਅੱਤਵਾਦ ਇਕੱਲਾ ਭਾਰਤ ਦਾ ਮੁੱਦਾ ਨਹੀਂ ਇਹ ਸਾਰੇ ਸੰਸਾਰ ਦਾ ਮੁੱਦਾ ਹੈ। ਮੈਂ ਦੇਸ਼ ਵਾਸੀਆਂ ਤੇ ਖਾਸ ਕਰ ਕੇ ਪੰਜਾਬੀਆਂ ਨੂੰ ਕਹਿੰਦਾ ਹਾਂ ਕਿ ਅੱਤਵਾਦ ਵਿਰੁਧ ਇਕਜੁੱਟ ਹੋ ਕੇ ਲੜਨ ਲਈ ਤਿਆਰ ਹੋ ਜਾਓ।