Sukhjeet Singh: ਸੱਟ ਲੱਗਣ ਕਾਰਨ ਵ੍ਹੀਲਚੇਅਰ ’ਤੇ ਆ ਗਿਆ ਸੀ ਹਾਕੀ ਖਿਡਾਰੀ; ਹੁਣ ਓਲੰਪਿਕ ਵਿਚ ਗੋਲ ਕਰਨ ਲਈ ਤਿਆਰ
ਅੱਜ ਸੁਖਜੀਤ ਸਿੰਘ ਦੀ ਮਿਹਨਤ ਰੰਗ ਲਿਆਈ ਹੈ।
Sukhjeet Singh: ਤਰਨਤਾਰਨ ਅਧੀਨ ਪੈਂਦੇ ਪਿੰਡ ਮੀਆਂਵਿੰਡ ਦੇ ਪਿੰਡ ਜਵੰਦਪੁਰ ਦੇ ਰਹਿਣ ਵਾਲੇ 26 ਸਾਲਾ ਸੁਖਜੀਤ ਸਿੰਘ ਸੁੱਖਾ ਦੀ ਜੁਲਾਈ ਵਿਚ ਪੈਰਿਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਭਾਗ ਲੈਣ ਲਈ ਭਾਰਤੀ ਹਾਕੀ ਟੀਮ ਵਿਚ ਚੋਣ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। ਇਸ ਸਮੇਂ ਸੁਖਜੀਤ ਸਿੰਘ ਬੈਂਗਲੁਰੂ ਵਿਚ ਚੱਲ ਰਹੇ ਭਾਰਤੀ ਹਾਕੀ ਟੀਮ ਦੇ ਕੈਂਪ ਵਿਚ ਹਨ। ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਪੰਜਾਬ ਪੁਲਿਸ ਵਿਚ ਹਨ। ਉਹ ਖ਼ੁਦ ਹਾਕੀ ਖਿਡਾਰੀ ਸਨ, ਜੋ 25 ਸਾਲ ਪਹਿਲਾਂ ਪੰਜਾਬ ਪੁਲਿਸ ਵਿਚ ਭਰਤੀ ਹੋਏ ਸਨ, ਜਿਸ ਤੋਂ ਬਾਅਦ ਪਰਿਵਾਰ ਨੂੰ ਜਲੰਧਰ ਜਾਣਾ ਪਿਆ।
ਸੁਖਜੋਤ ਦੇ ਚਾਚਾ ਭੀਤਾ ਸਿੰਘ ਵਾਸੀ ਪਿੰਡ ਜਵੰਦਪੁਰ ਨੇ ਦਸਿਆ ਕਿ ਅਜੀਤ ਨੂੰ ਹਾਕੀ ਖੇਡਣ ਦਾ ਸ਼ੌਕ ਸੀ। ਜਿਸ ਨੂੰ ਉਸ ਨੇ ਅਪਣੇ ਬੇਟੇ ਨਾਲ ਮਿਲ ਕੇ ਪੂਰਾ ਕੀਤਾ ਹੈ, ਸੁਖਜੀਤ ਵੱਲੋਂ ਬਚਪਨ ਤੋਂ ਕੀਤੀ ਗਈ ਮਿਹਨਤ ਅੱਜ ਪੂਰੀ ਹੋਈ ਹੈ। ਉਨ੍ਹਾਂ ਦਸਿਆ ਕਿ ਸੁਖਜੀਤ ਦੀ ਸਿਖਲਾਈ 8 ਸਾਲ ਦੀ ਉਮਰ ਵਿਚ ਸ਼ੁਰੂ ਹੋ ਗਈ ਸੀ। 2006 ਵਿਚ, ਉਹ ਮੁਹਾਲੀ ਵਿਚ ਸਥਾਪਿਤ ਰਾਜ ਸਰਕਾਰ ਦੁਆਰਾ ਸੰਚਾਲਿਤ ਹਾਕੀ ਅਕੈਡਮੀ ਵਿਚ ਦਾਖਲ ਹੋਇਆ। ਸੁਖਜੀਤ ਦਾ ਪ੍ਰਭਾਵ ਉਸ ਦੇ ਪਰਿਵਾਰ ’ਤੇ ਵੀ ਪਿਆ। ਚਾਚਾ ਭੀਤਾ ਸਿੰਘ ਦੇ ਦੋ ਪੁੱਤਰ ਹਨ ਅਤੇ ਦੋਵੇਂ ਹਾਕੀ ਖਿਡਾਰੀ ਹਨ। ਇਕ SGPC ਦੁਆਰਾ ਚਲਾਈ ਜਾਂਦੀ ਅਕੈਡਮੀ ਦਾ ਹਿੱਸਾ ਹੈ, ਜਦਕਿ ਦੂਜਾ ਮੁਹਾਲੀ ਦੀ ਇਕ ਅਕੈਡਮੀ ਵਿਚ ਖੇਡਦਾ ਹੈ।
ਦਾ ਸੁਪਨਾ ਓਲੰਪਿਕ ਤਕ ਪਹੁੰਚਣ ਦਾ ਸੀ। ਹੁਣ ਜੇਕਰ ਹਾਕੀ ਇਕ ਵਾਰ ਫਿਰ ਓਲੰਪਿਕ ਵਿਚ ਚਮਤਕਾਰ ਕਰਦੀ ਹੈ ਤਾਂ ਪੂਰੇ ਪਿੰਡ ਨੂੰ ਮਾਣ ਹੋਵੇਗਾ। 8 ਸਾਲ ਦੀ ਉਮਰ ਤੋਂ ਹੀ ਹਾਕੀ ਟੀਮ ਨਾਲ ਜੁੜਨ ਦਾ ਸੁਪਨਾ ਦੇਖਣ ਵਾਲੇ ਸੁਖਜੀਤ ਲਈ 2018 ਤੋਂ ਪਹਿਲਾਂ ਇਹ ਸੰਭਵ ਨਹੀਂ ਸੀ। ਇਹ ਉਹ ਦੌਰ ਸੀ ਜਦੋਂ ਸੁਖਜੀਤ ਵ੍ਹੀਲਚੇਅਰ 'ਤੇ ਸੀ। ਪਰਿਵਾਰ ਅਤੇ ਸੁਖਜੀਤ ਉਸ ਸਮੇਂ ਉਸ ਦੇ ਹਾਕੀ ਕਰੀਅਰ ਦੇ ਅੰਤ ਦਾ ਸੋਗ ਮਨਾ ਰਹੇ ਸਨ। ਸਾਰਿਆਂ ਨੇ ਸੋਚਿਆ ਕਿ ਸੁਖਜੀਤ ਦਾ ਕਰੀਅਰ ਖਤਮ ਹੋ ਗਿਆ ਹੈ। ਲੋਕ ਕਹਿੰਦੇ ਹਨ ਚਮਤਕਾਰ ਹੁੰਦਾ ਹੈ, ਅਜਿਹਾ ਹੀ ਕੁੱਝ ਸੁਖਜੀਤ ਨਾਲ ਹੋਇਆ।
2018 ਵਿਚ ਉਸ ਨੂੰ ਪਹਿਲੀ ਵਾਰ ਭਾਰਤੀ ਹਾਕੀ ਟੀਮ ਲਈ ਚੁਣਿਆ ਗਿਆ ਸੀ। ਉਮਰ ਸਿਰਫ਼ 21 ਸਾਲ ਸੀ। ਤਿੰਨ-ਚਾਰ ਦਿਨਾਂ ਬਾਅਦ ਅਜਿਹੀ ਘਟਨਾ ਵਾਪਰੀ ਕਿ ਸੁਖਜੀਤ ਵ੍ਹੀਲਚੇਅਰ 'ਤੇ ਆ ਗਿਆ। ਭਾਰਤੀ ਟੀਮ ਪ੍ਰੋ ਲੀਗ ਦੌਰਾਨ ਬੈਲਜੀਅਮ ਵਿਚ ਸੀ। ਨਵੇਂ ਮਾਹੌਲ ਵਿਚ ਸੁਖਜੀਤ ਬੀਮਾਰ ਪੈ ਗਿਆ। ਸੁਖਜੀਤ ਨੇ ਅਪਣੇ ਆਪ ਨੂੰ ਇੱਥੇ ਨਹੀਂ ਦੇਖਿਆ ਅਤੇ ਅਭਿਆਸ ਜਾਰੀ ਰੱਖਿਆ। ਇਸ ਦੌਰਾਨ ਸੁਖਜੀਤ ਦੀ ਪਿੱਠ ਵਿਚ ਦਰਦ ਹੋਣ ਲੱਗਾ। ਸੁਖਜੀਤ ਨੇ ਇਸ ਨਾਲ ਵੀ ਨਜਿੱਠਣ ਦੀ ਕੋਸ਼ਿਸ਼ ਕੀਤੀ। ਸੁਖਜੀਤ ਨੇ ਵਿਦੇਸ਼ ਵਿਚ ਫਿਜ਼ੀਓ ਤੋਂ ਮਦਦ ਮੰਗੀ। ਫਿਜ਼ੀਓ ਆਸਟ੍ਰੇਲੀਆ ਤੋਂ ਸੀ। ਇਸ ਦੌਰਾਨ ਫਿਜ਼ੀਓ ਨੇ ਇਕ ਨਾੜ ਦਬਾ ਦਿਤੀ ਅਤੇ ਸਮੱਸਿਆ ਬਹੁਤ ਗੰਭੀਰ ਹੋ ਗਈ। ਸੁਖਜੀਤ ਦਾ ਸੱਜਾ ਪਾਸਾ ਅਧਰੰਗ ਹੋ ਗਿਆ।
ਇਕ ਇੰਟਰਵਿਊ 'ਚ ਸੁਖਜੀਤ ਨੇ ਦਸਿਆ ਸੀ ਕਿ ਉਹ ਵ੍ਹੀਲ ਚੇਅਰ 'ਤੇ ਭਾਰਤ ਪਰਤਿਆ ਸੀ। ਪਿਤਾ ਅਜੀਤ ਸਿੰਘ ਨੇ ਉਸ ਨੂੰ ਚੁੱਕ ਕੇ ਕਾਰ ਵਿਚ ਬਿਠਾਇਆ। ਅਜਿਹਾ ਲੱਗਿਆ ਜਿਵੇਂ ਉਸ ਦਾ ਕਰੀਅਰ ਖਤਮ ਹੋ ਗਿਆ ਹੋਵੇ। ਜਿਵੇਂ ਹੀ ਉਹ ਵਾਪਸ ਆਇਆ, ਉਸ ਨੂੰ ਸੁਨੇਹਾ ਮਿਲਿਆ ਕਿ ਉਹ ਹੁਣ ਭਾਰਤੀ ਹਾਕੀ ਕੈਂਪ ਦਾ ਹਿੱਸਾ ਨਹੀਂ ਹੈ। ਹਾਲਤ ਅਜਿਹੀ ਸੀ ਕਿ ਉਹ ਬਿਸਤਰ ਤੋਂ ਉਠ ਨਹੀਂ ਸਕਦਾ ਸੀ, ਬਾਥਰੂਮ ਨਹੀਂ ਜਾ ਸਕਦਾ ਸੀ ਅਤੇ ਖਾਣਾ ਨਹੀਂ ਖਾ ਸਕਦਾ ਸੀ।
ਉਸ ਨੇ ਖੇਡਣ ਦੀ ਉਮੀਦ ਛੱਡ ਦਿਤੀ ਸੀ ਪਰ ਪਿਤਾ ਅਜੀਤ ਲਈ ਹਾਰ ਮੰਨਣਾ ਕੋਈ ਵਿਕਲਪ ਨਹੀਂ ਸੀ। ਪਿਤਾ ਅਜੀਤ ਸਿੰਘ ਨੇ ਸੁਖਜੀਤ ਨੂੰ ਮੁੜ ਖੜ੍ਹਾ ਕਰਨ ਲਈ ਯਤਨ ਸ਼ੁਰੂ ਕਰ ਦਿਤੇ। ਅਖੀਰ ਉਨ੍ਹਾਂ ਦੀ 6 ਮਹੀਨਿਆਂ ਦੀ ਮਿਹਨਤ ਰੰਗ ਲਿਆਈ। ਸੁਖਜੀਤ ਅਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ। 2019 ਦੇ ਅੰਤ ਤਕ, ਉਸ ਨੇ ਘਰੇਲੂ ਹਾਕੀ ਵਿਚ ਵਾਪਸੀ ਕੀਤੀ। ਇਸ ਦੌਰਾਨ ਕੋਵਿਡ ਦਾ ਦੌਰ ਸ਼ੁਰੂ ਹੋ ਗਿਆ ਪਰ ਸੁਖਜੀਤ ਨੇ ਹਿੰਮਤ ਨਹੀਂ ਹਾਰੀ। ਇਸ ਦੌਰਾਨ ਉਸ ਨੇ ਅਪਣੀਆਂ ਮਾਸਪੇਸ਼ੀਆਂ ਦੀ ਤਾਕਤ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਉਸ ਦੀ ਮਿਹਨਤ ਰੰਗ ਲਿਆਈ ਹੈ।
(For more Punjabi news apart from Sukhjeet Singh Indian Hockey Player News , stay tuned to Rozana Spokesman)