ਬੇਕਾਬੂ ਟਰੱਕ ਨੇ ਇਕ ਹੀ ਪਰਵਾਰ ਦੇ 7 ਮੈਂਬਰਾਂ ਨੂੰ ਦਰੜਿਆ
ਥਾਣਾ ਮੁਖੀ ਸਮੇਤ ਐਸਆਈ ਅਤੇ ਪੰਜ ਪੁਲਿਸ ਕਰਮਚਾਰੀ ਅਤੇ ਡਾਇਲ 100 'ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ।
ਉਤੱਰ ਪ੍ਰਦੇਸ਼ : ਚੰਦੌਲੀ ਜ਼ਿਲ੍ਹੇ ਦੇ ਇਲਿਆ ਥਾਣਾ ਖੇਤਰ ਦੇ ਮਾਲਦੇਹ ਪਿੰਡ ਵਿਚ ਪਸ਼ੂਆਂ ਨਾਲ ਲੱਦਿਆ ਹੋਇਆ ਇਕ ਟਰੱਕ ਬੇਕਾਬੂ ਹੁੰਦਾ ਹੋਇਆ ਕੱਚੇ ਮਕਾਨ ਦੇ ਅੰਦਰ ਜਾ ਵੜਿਆ। ਜਿਸ ਨਾਲ ਘਰ ਵਿਚ ਸੋ ਰਹੇ ਇਕ ਹੀ ਪਰਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਤਿੰਨ ਬੱਚੇ, ਇਕ ਪੁਰਸ਼ ਅਤੇ ਦੋ ਔਰਤਾਂ ਸ਼ਾਮਲ ਹਨ, ਜਦਕਿ ਗੰਭੀਰ ਜਖ਼ਮੀ ਦੋ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸੂਚਨਾ ਤੋਂ ਬਾਅਦ ਵੀ ਪੁਲਿਸ ਘਟਨਾ ਦੇ 4 ਘੰਟੇ ਬਾਅਦ ਮੌਕੇ 'ਤੇ ਪੁੱਜੀ।
ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਲਿਆਂ ਵੱਲੋਂ ਪੱਥਰਬਾਜ਼ੀ ਕਰਨ ਨਾਲ ਪੁਲਿਸ ਪਿੱਛੇ ਹੱਟ ਗਈ। ਪਿੰਡ ਵਾਸੀ ਦਿਹਾਤੀ ਡੀਐਮ ਦੇ ਪਹੁੰਚਣ 'ਤੇ ਹੀ ਲਾਸ਼ਾਂ ਨੂੰ ਚੁੱਕਣ ਦੇਣ ਦੀ ਮੰਗ 'ਤੇ ਅੜੇ ਹੋਏ ਸਨ। ਇਸ ਤੋਂ ਬਾਅਦ ਡੀਐਮ ਅਤੇ ਐਸਪੀ ਮੌਕੇ 'ਤੇ ਪੁੱਜੇ। ਐਸਪੀ ਨੇ ਸੀਓ ਵਿਰੁਧ ਸ਼ਾਸਨ ਨੂੰ ਲਿਖਿਆ ਜਦਕਿ ਥਾਣਾ ਮੁਖੀ ਸਮੇਤ ਐਸਆਈ ਅਤੇ ਪੰਜ ਪੁਲਿਸ ਕਰਮਚਾਰੀ ਅਤੇ ਡਾਇਲ 100 'ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ।
ਉਥੇ ਹੀ ਡੀਐਮ ਨੇ ਮਰਨ ਵਾਲਿਆਂ ਦੇ ਪਰਵਾਰ ਵਾਲਿਆਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ, ਇਕ ਮੈਂਬਰ ਨੂੰ ਨੌਕਰੀ ਦੇਣ ਅਤੇ ਮਕਾਨ ਦੇਣ ਦਾ ਐਲਾਨ ਕੀਤਾ। ਦੱਸ ਦਈਏ ਕਿ ਯੂਪੀ-ਬਿਹਾਰ ਦੀ ਹੱਦ 'ਤੇ ਸਥਿਤ ਮਾਲਦੇਹ ਪਿੰਡ ਦੀ ਸੜਕ ਕਿਨਾਰੇ ਕੁੱਲੂ ਰਾਮ ਦਾ ਪਰਵਾਰ ਕੱਚੇ ਮਕਾਨ ਵਿਚ ਰਹਿੰਦਾ ਸੀ। ਹਾਦਸੇ ਵੇਲੇ ਪਰਵਾਰ ਦੇ 7 ਲੋਕ ਮੜਈ ਵਿਚ ਸੋ ਰਹੇ ਸਨ। ਜਾਣਕਾਰੀ ਮੁਤਾਬਕ ਪੁਲਿਸ ਨੇ ਟਰੱਕ ਦਾ ਪਿੱਛਾ ਕੀਤਾ ਤਾਂ ਟਰੱਕ ਡਰਾਈਵਰ ਨੇ ਰਫਤਾਰ ਤੇਜ਼ ਕਰ ਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ।
ਇਸੇ ਦੌਰਾਨ ਸੰਤੁਲਨ ਵਿਗੜ ਜਾਣ ਕਾਰਨ ਟਰੱਕ ਬੇਕਾਬੂ ਹੋ ਗਿਆ ਅਤੇ ਕੁੱਲੂ ਰਾਮ ਦੇ ਘਰ ਜਾ ਵੜਿਆ। ਹਾਦਸੇ ਵਿਚ ਕੁੱਲੂ ਰਾਮ ਦੀ ਪਤਨੀ ਸ਼ਿਆਮਾ ਦੇਵੀ, ਰਾਮਕਿਸ਼ਨ, ਸੁਹਾਗਿਨ ਅਤੇ ਰਾਮਕਿਸ਼ਨ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ। ਕੁੱਲੂ ਰਾਮ ਸਿਵਾਨ ਵਿਚ ਸੁੱਤਾ ਪਿਆ ਸੀ ਜਿਸ ਕਾਰਨ ਉਸ ਦੀ ਜਾਨ ਬੱਚ ਗਈ। ਹੁਣ ਪਰਵਾਰ ਵਿਚ ਕੁੱਲੂ ਰਾਮ ਅਤੇ ਇਕ ਬੇਟਾ ਮੁਨੀਮ ਹੀ ਬਚੇ ਹਨ। ਹਾਦਸੇ ਤੋਂ ਬਾਅਦ ਤੋਂ ਹੀ ਟਰੱਕ ਚਾਲਕ ਫਰਾਰ ਹੈ।