ਪਹਿਲੀ ਵਾਰ ਰੱਖਿਆ ਬਜਟ 3 ਲੱਖ ਕਰੋੜ ਤੋਂ ਪਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਇਲ ਨੇ ਕਿਹਾ ਕਿ ਸਾਡਾ ਰੱਖਿਆ ਬਜਟ 2019-20 ਵਿਚ ਪਹਿਲੀ ਵਾਰ 3,00,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਰਿਹਾ ਹੈ।

Piyush Goyal

ਨਵੀਂ ਦਿੱਲੀ : ਕਾਰਜਕਾਰੀ ਵਿੱਤ ਮੰਤਰੀ ਪੀਊਸ਼ ਗੋਇਲ ਨੇ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ। ਅੰਤਰਿਮ ਬਜਟ 2019 ਵਿਚ ਰੱਖਿਆ ਬਜਟ 3 ਲੱਖ ਕਰੋੜ ਰੁਪਏ ਤੋਂ ਵੱਧ ਰੱਖਿਆ ਗਿਆ ਹੈ ਜੋ ਕਿ ਹੁਣ ਤੱਕ ਕਿਸੇ ਵੀ ਸਾਲ ਦੇ ਮੁਕਾਬਲੇ ਸੱਭ ਤੋਂ ਵੱਧ ਹੈ। ਪੀਊਸ਼ ਗੋਇਲ ਨੇ ਕਿਹਾ ਕਿ ਸਾਡੇ ਫ਼ੌਜੀ ਸਰਹੱਦਾਂ 'ਤੇ ਦੇਸ਼ ਦੀ ਰੱਖਿਆ ਕਰਦੇ ਹਨ, ਜਿਹਨਾਂ 'ਤੇ ਸਾਨੂੰ ਮਾਣ ਹੈ।

ਸਾਡੇ ਫ਼ੌਜੀ ਸਾਡਾ ਸਨਮਾਨ ਕਰਦੇ ਹਨ। ਅਸੀਂ ਸਾਰੀਆਂ ਸਰਹੱਦਾਂ ਨੂੰ ਸੁਰੱਖਿਅਤ ਬਣਾਉਣ ਲਈ ਬਜਟ ਵਿਚ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਵੰਡ ਕੀਤੀ ਹੈ, ਜੋ ਕਿ ਹੁਣ ਤੱਕ ਦੀ ਸੱਭ ਤੋਂ ਜ਼ਿਆਦਾ ਹੈ। ਜੇਕਰ ਲੋੜ ਪਈ ਤਾਂ ਵਾਧੂ ਫ਼ੰਡ ਵੀ ਮੁੱਹਈਆ ਕਰਵਾਇਆ ਜਾਵੇਗਾ। ਗੋਇਲ ਨੇ ਕਿਹਾ ਕਿ ਸਰਕਾਰ ਨੇ ਵਨ ਰੈਂਕ, ਵਨ ਪੈਨਸ਼ਨ ਦੀ ਨੀਤੀ ਨੂੰ ਲਾਗੂ ਕੀਤਾ ਹੈ

ਅਤੇ ਹੁਣ ਤੱਕ 35,000 ਕਰੋੜ ਰੁਪਏ ਤੋਂ ਵੱਧ ਦੀ ਵੰਡ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਨ ਰੈਂਕ ਵਨ ਪੈਨਸ਼ਨ ਦੇ ਵਾਅਦੇ ਨੂੰ ਤਿੰਨ ਵਾਰ ਬਜਟ ਵਿਚ ਰੱਖਿਆ ਪਰ ਅਸੀਂ ਇਸ ਨੂੰ ਲਾਗੂ ਕੀਤਾ ਹੈ। ਸਰਕਾਰ ਸਾਰੇ ਫ਼ੌਜੀ ਕਰਮਚਾਰੀਆਂ ਦੀ ਮਿਲਟਰੀ ਸੇਵਾ ਤਨਖਾਹ ਸਕੇਲ ਵਿਚ ਮਹੱਤਵਪੂਰਨ ਤੌਰ 'ਤੇ ਵਾਧਾ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ

ਤਾਇਨਾਤ ਨੇਵੀ ਅਤੇ ਹਵਾਈ ਫ਼ੌਜ ਕਰਮਚਾਰੀਆਂ ਨੂੰ ਵਿਸ਼ੇਸ਼ ਭੱਤੇ ਦੇਣ ਦਾ ਐਲਾਨ ਕਰ ਚੁੱਕੀ ਹੈ। ਉਹਨਾਂ ਕਿਹਾ ਕਿ 2019-19 ਦੇ ਬਜਟ ਅੰਦਾਜ਼ੇ ਵਿਚ ਪ੍ਰਦਾਨ 2,82,733 ਕਰੋੜ ਰੁਪਏ ਦੇ ਮੁਕਾਬਲੇ 2019-20 ਦੇ ਲਈ ਬਜਟ ਅੰਦਾਜ਼ੇ ਵਿਚ 3,05,296 ਕਰੋੜ ਰੁਪਏ ਪ੍ਰਦਾਨ ਕੀਤੇ ਹਨ। ਸਾਲ 2018-19 ਦੇ ਸੋਧੇ ਅੰਦਾਜ਼ਿਆਂ ਵਿਚ ਇਹ ਅੰਕੜੇ 2,85,423 ਕਰੋੜ

ਰੁਪਏ ਤੱਕ ਵਧਾਏ ਗਏ। ਗੋਇਲ ਨੇ ਕਿਹਾ ਕਿ ਸਾਡਾ ਰੱਖਿਆ ਬਜਟ 2019-20 ਵਿਚ ਪਹਿਲੀ ਵਾਰ 3,00,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਉੱਚ ਪੱਧਰ ਦੀਆਂ ਤਿਆਰੀਆਂ ਨੂੰ ਬਣਾਏ ਰੱਖਣ ਲਈ ਜੇਕਰ ਲੋੜ ਪੈਂਦੀ ਹੈ ਤਾਂ ਵਾਧੂ ਫ਼ੰਡ ਮੁਹੱਈਆ ਕਰਵਾਇਆ ਜਾਵੇਗਾ।