ਬਿਹਾਰ ਵਿਚ NRC ਹੋਇਆ ਲਾਗੂ ! ਵਾਇਰਲ ਚਿੱਠੀ ਰਾਹੀਂ ਹੋਇਆ ਖੁਲਾਸਾ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਨੀਤਿਕ ਧੀਰਾਂ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਸਾਧਿਆ ਨਿਸ਼ਾਨਾ

File Photo

ਪਟਨਾ : ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ ਉੱਥੇ ਹੀ ਬਿਹਾਰ ਵਿਚ ਐਨਆਰਸੀ ਲਾਗੂ ਕਰਵਾਉਣ ਲਈ ਇਕ ਲੈਟਰ ਵਾਇਰਲ ਹੋ ਜਾਣ 'ਤੇ ਵਿਵਾਦ ਖੜਾ ਹੋ ਗਿਆ ਹੈ ਜਿਸ ਨੂੰ ਲੈ ਕੇ ਸੂਬੇ ਦੀ ਰਾਜਨੀਤੀ ਵੀ ਗਰਮਾ ਗਈ ਹੈ। ਵਿਰੋਧੀ ਧੀਰਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਘੇਰਨ ਲੱਗ ਗਈਆਂ ਹਨ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਐਨਆਰਸੀ ਨੂੰ ਲੈ ਕੇ ਭਾਜਪਾ ਤੋਂ ਦੂਰੀ ਵੱਟਦੇ ਰਹੇ ਹਨ ਪਰ ਰਾਜਧਾਨੀ ਪਟਨਾ ਦਫ਼ਤਰ ਦੇ ਅਧੀਨ ਆਉਣ ਵਾਲੇ ਮੋਕਾਮਾ ਪ੍ਰਖੰਡ ਦੇ ਬੀਡੀਓ ਸਤੀਸ਼ ਕੁਮਾਰ ਨੇ ਦੋ ਕਦਮ ਅੱਗੇ ਵਧਾਉਂਦਿਆ ਬਿਹਾਰ ਵਿਚ ਐਨਆਰਸੀ ਲਾਗੂ ਕਰ ਦਿੱਤਾ ਹੈ ਜਿਸ ਦਾ ਇਕ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਗਿਆ ਹੈ।

ਬੀਡੀਓ ਸਤੀਸ਼ ਨੇ ਆਪਣੇ ਬਲਾਕ ਦੇ ਤਿੰਨ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਮ ਉੱਤੇ ਪੱਤਰ ਲਿਖਿਆ ਹੈ। ਪੱਤਰ ਦੇ ਮਾਧਿਅਮ ਨਾਲ ਬੀਡੀਓ ਨੇ ਐਨਆਰਸੀ ਦੇ ਕੰਮ ਲਈ ਹਰ ਸਕੂਲ ਤੋਂ ਦੋ-ਦੋ ਅਧਿਆਪਕਾਂ ਦੇ ਨਾਮ ਮੰਗੇ ਗਏ ਹਨ। ਇਹ ਪੱਤਰ 28 ਜਨਵਰੀ ਨੂੰ ਜਾਰੀ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਰਿਮਾਇੰਡਰ ਲੈਟਰ ਹੈ।

ਰਿਮਾਇੰਡਰ ਲੈਟਰ ਮਰਾਚੀ ਮੋਰ ਅਤੇ ਰਾਮਪੁਰ ਡੁਮਰਾ ਸਕੂਲ ਦੇ ਨਾਮ ਤੋਂ ਜਾਰੀ ਹੋਇਆ ਹੈ। ਇਸ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ''ਇਸ ਤੋਂ ਪਹਿਲਾਂ 18 ਜਨਵਰੀ ਨੂੰ ਵੀ ਪੱਤਰ ਭੇਜਿਆ ਗਿਆ ਸੀ ਪਰ 10 ਦਿਨਾਂ ਤੋਂ ਬਾਅਦ ਵੀ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਐਨਆਰਸੀ ਦੇ ਲਈ ਅਧਿਆਪਕਾਂ ਦਾ ਨਾਮ ਨਹੀਂ ਭੇਜਣ ਵਾਲੇ ਸਕੂਲਾਂ ਦੇ ਅਧਿਆਪਕ ਕਿਸੇ ਖਾਸ ਰਾਜਨੀਤਿਕ ਦਲ ਨਾਲ ਪ੍ਰੇਰਿਤ ਹੋ ਕੇ ਉਸ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਹਨ''।

ਇੰਨਾ ਹੀ ਨਹੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇਸ ਪੱਤਰ ਵਿਚ ਤਿੰਨਾ ਪ੍ਰਿੰਸੀਪਲਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ 24 ਘੰਟੇ ਦੇ ਅੰਦਰ ਅਧਿਆਪਕਾਂ ਦੇ ਨਾਮ ਨਹੀਂ ਭੇਜੇ ਤਾਂ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਪੱਤਰ ਦੇ ਵਾਇਰਲ ਹੁੰਦਿਆ ਹੀ ਬਿਹਾਰ ਦੇ ਰਾਜਨੀਤਿਕ ਗਲਿਆਰੇ ਵੀ ਭੱਖ ਗਏ ਹਨ ਅਤੇ ਇਸੇ ਕੜੀ ਅੰਦਰ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਨੂੰ ਐਨਸੀਆਰ ਅਤੇ ਐਨਪੀਆਰ ਦੇ ਮੁੱਦੇ ਉੱਤੇ ਝੂਠਾ ਕਰਾਰ ਦਿੰਦਿਆ ਸਵਾਲ ਖੜੇ ਕੀਤੇ ਹਨ।

 

 

ਆਰਜੇਡੀ ਆਗੂ ਤੇਜਸਵੀ ਯਾਦਵ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਐਨਆਰਸੀ ਅਤੇ ਐਨਪੀਆਰ 'ਤੇ ਨਿਤਿਸ਼ ਕੁਮਾਰ ਦਾ ਸਫੇਦ ਝੂਠ ਫੜਿਆ ਗਿਆ ਹੈ। ਬਿਹਾਰ ਵਿਚ ਸ਼ੁਰੂ ਹੋ ਚੁੱਕਿਆ ਹੈ ਐਨਆਰਸੀ-ਐਨਪੀਆਰ ਦਾ ਕੰਮ। ਅਧਿਕਾਰੀ ਦੀ ਚਿੱਠੀ ਨੇ ਖੋਲਿਆ ਰਾਜ। ਹੁਣ ਤੱਕ ਐਨਪੀਆਰ ਦਾ ਕੰਮ ਕਿਸੇ ਵੀ ਸੂਬੇ ਵਿਚ ਸ਼ੁਰੂ ਨਹੀਂ ਹੋਇਆ ਪਰ ਬਿਹਾਰ ਵਿਚ ਐਨਆਰਸੀ ਦੀ ਪ੍ਰਕਿਰਿਆ ਨਿਤੀਸ਼ ਜੀ ਨੇ ਸ਼ੁਰੂ ਕਰ ਦਿੱਤੀ ਹੈ। ਹੁਣ ਤੁਹਾਨੂੰ ਤੈਅ ਕਰਨਾ ਹੈ ਅਸਲੀ ਸੰਘੀ ਕੋਣ ਹੈ?''