CAA,NRC ਤੇ NPR ਬਾਰੇ ਮੋਦੀ ਤੇ ਸ਼ਾਹ ਨੇ ਬੋਲੇ 9 ਝੂਠ, ਸਿੱਬਲ ਵਲੋਂ ਬਹਿਸ਼ ਦੀ ਚੁਨੌਤੀI

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਨੇ ਇਕ-ਇਕ ਕਰ ਕੇ ਗਿਣਾਏ 9 ਝੂਠ

file photo

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਨੂੰ ਸੋਧੇ ਹੋਏ ਨਾਗਰਿਕਤਾ ਕਾਨੂੰਨ ਬਾਰੇ ਬਹਿਸ ਦੀ ਚੁਨੌਤੀ ਦਿੰਦੇ ਹਨ। ਜ਼ਿਕਰਯੋਗ ਹੈ ਕਿ ਸ਼ਾਹ ਨੇ ਲਖਨਊ ਵਿਚ ਰੈਲੀ ਦੌਰਾਨ ਕਿਹਾ ਸੀ ਕਿ ਉਹ ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਮਮਤਾ ਬੈਨਰਜੀ ਅਤੇ ਮਾਇਆਵਤੀ ਨੂੰ ਬਹਿਸ ਦੀ ਚੁਨੌਤੀ ਦਿੰਦੇ ਹਨ।

ਸਿੱਬਲ ਨੇ ਮੋਦੀ, ਸ਼ਾਹ ਵਿਰੁਧ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਸਬੰਧ ਵਿਚ ਨੌਂ ਝੂਠ ਬੋਲਣ ਦਾ ਦੋਸ਼ ਲਾਇਆ ਅਤੇ ਸਵਾਲ ਕੀਤਾ ਕਿ ਦੇਸ਼ ਦੀ ਜਨਤਾ ਉਨ੍ਹਾਂ 'ਤੇ ਕਿਵੇਂ ਵਿਸ਼ਵਾਸ ਕਰੇਗੀ? ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਗ੍ਰਹਿ ਮੰਤਰੀ ਨੇ ਕਿਹਾ ਕਿ ਰਾਹੁਲ ਜੀ ਅਤੇ ਅਖਿਲੇਸ਼ ਜੀ ਉਸ ਨਾਲ ਬਹਿਸ ਕਰਨ। ਮੈਂ ਚੁਨੌਤੀ ਦਿੰਦਾ ਹਾਂ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਮੇਰੇ ਨਾਲ ਬਹਿਸ ਕਰਨ। ਸਮੇਂ ਅਤੇ ਜਗ੍ਹਾ ਦੀ ਚੋਣ ਉਹ ਕਰ ਸਕਦੇ ਹਨ।'

ਉਨ੍ਹਾਂ ਕਿਹਾ, 'ਪਹਿਲਾ ਝੂਠ ਇਹ ਕਿ ਇਹ ਕਾਨੂੰਨ ਭੇਦਭਾਵਪੂਰਨ ਨਹੀਂ। ਲਗਦਾ ਹੈ ਕਿ ਇਨ੍ਹਾਂ ਨੇ ਨਾਗਰਿਕਤਾ ਕਾਨੂੰਨ ਪੜ੍ਹਿਆ ਨਹੀਂ। ਪਹਿਲੀ ਵਾਰ ਸਾਡੇ ਦੇਸ਼ ਵਿਚ ਨਾਗਰਿਕਤਾ ਧਰਮ ਦੇ ਆਧਾਰ 'ਤੇ ਦਿਤੀ ਜਾ ਰਹੀ ਹੈ।' ਉਨ੍ਹਾਂ ਕਿਹਾ, 'ਦੂਜਾ ਝੂਠ ਹੈ ਕਿ ਸੀਏਏ ਦਾ ਐਨਆਰਸੀ ਨਾਲ ਕੋਈ ਲੈਣਾ ਦੇਣਾ ਨਹੀਂ ਜਦਕਿ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਇਹ ਕਾਨੂੰਨ ਆਵੇਗਾ ਅਤੇ ਫਿਰ ਐਨਆਰਸੀ ਆਵੇਗਾ।

ਤੀਜਾ ਝੂਠ ਹੈ ਕਿ ਮੋਦੀ ਨੇ ਕਿਹਾ ਕਿ ਐਨਆਰਸੀ ਬਾਰੇ ਕਦੇ ਚਰਚਾ ਨਹੀਂ ਹੋਈ ਜਦਕਿ ਰਾਸ਼ਟਰਪਤੀ ਨੇ ਅਪਣੇ ਭਾਸ਼ਨ ਵਿਚ ਕਿਹਾ ਸੀ ਕਿ ਐਨਆਰਸੀ ਲਾਗੂ ਕੀਤਾ ਜਾਵੇਗਾ। ਚੌਥਾ ਝੂਠ ਹੈ ਕਿ ਐਨਆਰਸੀ ਕਵਾਇਦ ਗ਼ਲਤ ਨਹੀਂ ਜਦਕਿ ਇਹ ਪ੍ਰਾਵਧਾਨ ਪਹਿਲਾਂ ਹੀ 2003 ਦੇ ਕਾਨੂੰਨ ਵਿਚ ਹੈ।'

ਉਨ੍ਹਾਂ ਕਿਹਾ, 'ਪੰਜਵਾਂ ਝੂਠ ਇਹ ਹੈ ਕਿ ਐਨਆਰਸੀ ਦੀ ਕਵਾਇਦ ਸ਼ੁਰੂ ਨਹੀਂ ਹੋਈ ਜਦਕਿ ਸਰਕਾਰ ਨੇ ਪਿਛਲੇ ਸਾਲ ਕਿਹਾ ਸੀ ਕਿ ਐਨਪੀਆਰ ਤਹਿਤ ਡੇਟਾ ਇਕੱਠਾ ਕੀਤਾ ਜਾਵੇਗਾ।

ਛੇਵਾਂ ਝੂਠ ਇਹ ਹੈ ਕਿ ਐਨਪੀਆਰ ਦਾ ਐਨਆਰਸੀ ਨਾਲ ਕੋਈ ਸਬੰਧ ਨਹੀਂ ਜਦਕਿ ਗ੍ਰਹਿ ਮੰਤਰਾਲੇ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਐਨਪੀਆਰ ਐਨਆਰਸੀ ਦਾ ਪਹਿਲਾ ਕਦਮ ਹੈ।'

ਕਾਂਗਰਸ ਆਗੂ ਨੇ ਕਿਹਾ, 'ਸਤਵਾਂ ਝੂਠ ਇਹ ਹੈ ਕਿ ਭਾਰਤੀਆਂ ਨੂੰ ਡਰਨ ਦੀ ਲੋੜ ਨਹੀਂ। ਗ਼ਰੀਬ ਅਪਣੀ ਨਾਗਰਿਕਤਾ ਕਿਵੇਂ ਸਾਬਤ ਕਰਨਗੇ ਕਿਉਂਕਿ ਉਨ੍ਹਾਂ ਕੋਲ ਕਾਗ਼ਜ਼ ਹੀ ਨਹੀਂ।

ਅਠਵਾਂ ਝੂਠ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਨਜ਼ਰਬੰਦੀ ਕੇਂਦਰ ਨਹੀਂ ਜਦਕਿ ਛੇ ਨਜ਼ਰਬੰਦੀ ਕੇਂਦਰ ਚੱਲ ਰਹੇ ਹਨ। ਨੌਵਾਂ ਝੂਠ ਇਹ ਹੈ ਕਿ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਨਹੀਂ ਕੀਤਾ ਜਦਕਿ ਯੂਪੀ ਵਿਚ 28 ਲੋਕ ਮਾਰੇ ਗਏ ਹਨ।'