ਹਰਸਿਮਰਤ ਬਾਦਲ ਨੇ ਖੋਲ੍ਹੀ ਕੇਂਦਰ ਦੀ 'ਧੱਕੇਸ਼ਾਹੀ' ਦੀ ਪੋਲ, ਕਿਸਾਨਾਂ ਨੂੰ ਅਣਗੌਲੇ ਕਰਨਾ ਸ਼ਰਮ ਦੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਦੀ ਕੀ ਮਜਬੂਰੀ ਹੈ ਜੋ ਬਿੱਲਾਂ ਨੂੰ ਵਾਪਿਸ ਨਹੀਂ ਲੈ ਰਹੇ- ਹਰਸਿਮਰਤ ਬਾਦਲ

Harsimrat Badal

ਨਵੀਂ ਦਿੱਲੀ: ਬਜਟ ਇਜਲਾਸ ਦੀ ਕਾਰਵਾਈ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ। ਬੀਬੀ ਬਾਦਲ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ 3 ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਨ।

ਹਰਸਿਮਰਤ ਬਾਦਲ ਨੇ ਕਿਹਾ ਕਿ ਸਾਡੀ ਇਹ ਮੰਗ ਮਨਜ਼ੂਰ ਨਾ ਹੋਣ 'ਤੇ ਅਸੀਂ ਕੇਂਦਰੀ ਵਿੱਤ ਮੰਤਰੀ ਦੇ ਸੰਬੋਧਨ ਵੇਲੇ ਵਿਰੋਧ ਵਜੋਂ ਸੰਸਦ 'ਚੋਂ ਵਾਕ ਆਊਟ ਕੀਤਾ। ਸ਼੍ਰੋਮਣੀ ਅਕਾਲੀ ਦਲ ਸੰਸਦ ਵਿਚ ਇਹ ਮੰਗ ਚੁੱਕਦਾ ਰਹੇਗਾ। ਹਰਸਿਮਰਤ ਬਾਦਲ ਨੇ ਕਿਹਾ ਕਿ ਜਿਸ ਦਿਨ ਇਹ ਆਰਡੀਨੈਂਸ ਬਣ ਕੇ ਆਏ, ਉਹਨਾਂ ਨੇ ਉਸ ਦਿਨ ਤੋਂ ਇਸ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਲਗਾਤਾਰ ਤਿੰਨ ਮਹੀਨੇ ਸਰਕਾਰ ਨੂੰ ਇਹਨਾਂ ਕਾਨੂੰਨਾਂ ਸਬੰਧੀ ਕਿਸਾਨਾਂ ਨਾਲ ਚਰਚਾ ਕਰਨ ਲਈ ਕਿਹਾ।

ਉਹਨਾਂ ਕਿਹਾ ਸਰਕਾਰ ਨੇ ਸਾਡੀ ਇੱਕ ਨਹੀਂ ਸੁਣੀ ਅਤੇ ਨੰਬਰਾਂ ਦੇ ਜ਼ੋਰ 'ਤੇ ਖੇਤੀ ਕਾਨੂੰਨ ਪਾਸ ਕੀਤੇ। ਬੀਬੀ ਬਾਦਲ ਨੇ ਕਿਹਾ ਕਿ ਬਹੁਤ ਮਾੜੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿਚ ਕਿਸਾਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਸਰਕਾਰ 'ਗ਼ੈਰਮਨੁੱਖੀ' ਵਿਵਹਾਰ ਅਪਣਾ ਰਹੀ ਹੈ।

ਉਹਨਾਂ ਕਿਹਾ ਨਾ ਹੀ ਰਾਸ਼ਟਰਪਤੀ ਦੇ ਸੰਬੋਧਨ ਵਿਚ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦਾ ਕੋਈ ਜ਼ਿਕਰ ਕੀਤਾ ਗਿਆ। ਅਜਿਹੀ ਕੀ ਮਜਬੂਰੀ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ। ਉਹਨਾਂ ਕਿਹਾ ਸਰਕਾਰ ਸਭ ਦਾ ਸਾਥ, ਸਭ ਦਾ ਵਿਕਾਸ ‘ਤੇ ਗੱਲ ਕਰਦੀ ਹੈ ਪਰ ਸਰਕਾਰ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ। ਉਹਨਾਂ ਕਿਹਾ ਇਹ ਉਹੀ ਕਿਸਾਨ ਹੈ, ਜਿਸ ਦਾ ਪੁੱਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਿਹਾ ਹੈ।