ਸਤਾ ਰਿਹਾ ਸੀ ਭਾਰਤ ਦੇ ਮਿਜ਼ਾਇਲ ਹਮਲੇ ਦਾ ਡਰ, ਪੂਰੀ ਰਾਤ ਸੀ ਅਲਰਟ : ਇਮਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ-ਪਾਕਿ ਦੇ ਵਿਚ ਚੱਲ ਰਹੇ ਤਣਾਅ ਦਾ ਅਸਰ ਪਾਕਿਸਤਾਨ ਉਤੇ ਸਾਫ਼ ਵਿਖਾਈ ਦੇ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿ...

Imran Khan

ਨਵੀਂ ਦਿੱਲੀ : ਭਾਰਤ-ਪਾਕਿ ਦੇ ਵਿਚ ਚੱਲ ਰਹੇ ਤਣਾਅ ਦਾ ਅਸਰ ਪਾਕਿਸਤਾਨ ਉਤੇ ਸਾਫ਼ ਵਿਖਾਈ ਦੇ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਡਰ ਸੀ ਕਿ ਪਾਕਿਸਤਾਨ ਦੀ ਕਾਰਵਾਈ ਤੋਂ ਬਾਅਦ ਭਾਰਤ ਕਿਤੇ ਮਿਜ਼ਾਇਲ ਹਮਲਾ ਨਾ ਕਰ ਦੇਵੇ, ਇਸ ਲਈ ਪੂਰਾ ਦੇਸ਼ ਅਲਰਟ ਉਤੇ ਰੱਖਿਆ ਗਿਆ ਸੀ। ਹਵਾਈ ਸੇਵਾਵਾਂ ਰੋਕ ਦਿਤੀਆਂ ਸੀ ਅਤੇ ਫ਼ੌਜ ਨੂੰ ਕਿਸੇ ਵੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਸੀ।

ਇਮਰਾਨ ਖਾਨ ਨੇ ਕਿਹਾ ਕਿ ਭਾਰਤੀ ਐਕਸ਼ਨ ਤੋਂ ਅਸੀ ਖੁਸ਼ ਨਹੀਂ ਸੀ। ਜਿਵੇਂ ਉਹ ਸਾਡੀ ਸੀਮਾ ਵਿਚ ਦਾਖ਼ਲ ਹੋਏ ਉਸੇ ਤਰ੍ਹਾਂ ਅਸੀ ਵੀ ਭਾਰਤੀ ਸੀਮਾ ਵਿਚ ਦਾਖ਼ਲ ਹੋਏ। ਉਨ੍ਹਾਂ ਦੇ ਦੋ ਜਹਾਜ਼ ਵੀ ਅਸੀਂ ਤਬਾਹ ਕੀਤੇ ਪਰ ਅਸੀ ਸ਼ਾਂਤੀ ਚਾਹੁੰਦੇ ਹਾਂ। ਅਸੀ ਕੇਵਲ ਇਹ ਵਿਖਾਉਣਾ ਚਾਹੁੰਦੇ ਸੀ ਕਿ ਅਸੀਂ ਵੀ ਹਮਲਾ ਕਰ ਸਕਦੇ ਹਾਂ। ਭਾਰਤ ਨੇ ਪਾਕਿਸਤਾਨ ਨੂੰ ਜੈਸ਼-ਏ-ਮੁਹੰਮਦ ਉਤੇ ਸਬੂਤ ਸੌਂਪੇ ਹਨ। ਜੇਕਰ ਭਾਰਤ ਹਮਲੇ ਤੋਂ ਪਹਿਲਾਂ ਸਬੂਤ ਦਿੰਦਾ ਤਾਂ ਅਸੀ ਕਾਰਵਾਈ ਕਰਦੇ ਪਰ ਉਨ੍ਹਾਂ ਨੇ ਸਬੂਤ ਦੇਣ ਤੋਂ ਪਹਿਲਾਂ ਹੀ ਸਾਡੇ ’ਤੇ ਹਮਲਾ ਕਰ ਦਿਤਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀ ਕੋਈ ਲੜਾਈ ਨਹੀਂ ਚਾਹੁੰਦੇ ਹਾਂ ਅਤੇ ਇਸ ਦੇ ਲਈ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਜੋ ਇਹ ਕੋਸ਼ਿਸ਼ ਕਰ ਰਹੇ ਹਾਂ, ਉਸ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਪਾਕਿਸਤਾਨ ਦੇ ਬਾਲਾਕੋਟ ਵਿਚ ਅਤਿਵਾਦੀ ਟਿਕਾਣਿਆਂ ਉਤੇ ਭਾਰਤੀ ਹਵਾਈ ਫ਼ੌਜ ਵਲੋਂ ਕੀਤੀ ਗਈ ਬੰਬਾਰੀ ਦੇ ਜਵਾਬ ਵਿਚ ਬੁੱਧਵਾਰ ਸਵੇਰੇ ਪਾਕਿਸਤਾਨੀ ਜਹਾਜ਼ ਵੀ ਭਾਰਤੀ ਸੀਮਾ ਵਿਚ ਦਾਖ਼ਲ ਹੋਏ ਸਨ ਅਤੇ ਨੌਸ਼ੇਰਾ ਸੈਕਟਰ ਵਿਚ ਬੰਬਾਰੀ ਕੀਤੀ।

ਇਸ ਦੇ ਜਵਾਬ ਵਿਚ ਭਾਰਤੀ ਜਹਾਜ਼ਾਂ ਨੇ ਪਾਕਿਸਤਾਨ ਦੇ ਜਹਾਜ਼ਾਂ ਨੂੰ ਖਦੇੜ ਦਿਤਾ ਅਤੇ ਉਨ੍ਹਾਂ ਦਾ ਇਕ F-16 ਲੜਾਕੂ ਜਹਾਜ਼ ਵੀ ਤਬਾਹ ਕਰ ਸੁੱਟਿਆ ਪਰ ਭਾਰਤ ਦਾ ਇਕ ਮਿਗ ਜਹਾਜ਼ ਪਾਕਿਸਤਾਨੀ ਸਰਹੱਦ ਵਿਚ ਕਰੈਸ਼ ਹੋ ਗਿਆ ਅਤੇ ਪਾਇਲਟ ਅਭਿਨੰਦਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਟਨਾ ਤੋਂ ਬਾਅਦ ਭਾਰਤ ਨੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਪਰ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਤਿੰਨਾਂ ਫ਼ੌਜ ਪ੍ਰਮੁੱਖਾਂ ਅਤੇ ਐਨਐਸਏ ਦੀ ਲੰਮੀ ਬੈਠਕ ਚੱਲੀ ਜੋ ਪਾਕਿਸਤਾਨ ਲਈ ਚਿੰਤਾ ਬਣ ਗਈ।

ਪੂਰਾ ਪਾਕਿਸਤਾਨ ਅਲਰਟ ਉਤੇ ਸੀ। ਇੱਥੋਂ ਤੱਕ ਕਿ ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਭਾਰਤ ਮਿਜ਼ਾਇਲ ਹਮਲਾ ਨਾ ਕਰ ਦੇਵੇ।