ਪਾਕਿਸਤਾਨ ਵੱਲੋਂ ਰਾਜੌਰੀ 'ਚ ਕੰਟਰੋਲ ਰੇਖਾ ਦੇ ਨਾਲ ਲਗਦੇ ਖੇਤਰਾਂ ਵਿਚ ਗੋਲੀਬਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ : ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਨੇੜਲੇ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ ਭਾਰੀ ਗੋਲੀਬਾਰੀ ਕੀਤੀ...

Rajouri

ਜੰਮੂ : ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਨੇੜਲੇ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ ਭਾਰੀ ਗੋਲੀਬਾਰੀ ਕੀਤੀ ਜਿਸ ਦੌਰਾਨ ਇਕ ਮਹਿਲਾ ਜ਼ਖ਼ਮੀ ਹੋ ਗਈ। ਇਹ ਲਗਾਤਾਰ ਅੱਠਵਾਂ ਦਿਨ ਰਿਹਾ ਜਦੋਂ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਪੁਣਛ ਵਿਚ ਆਮ ਨਾਗਰਿਕਾਂ ਦੀ ਰਿਹਾਇਸ਼ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਲਈ 105 ਐਮ.ਐਮ. ਦੀਆਂ ਹੋਵਿਤਜ਼ਰ ਤੋਪਾਂ ਸਣੇ ਹੋਰ ਵੱਡੇ ਹਥਿਆਰਾਂ ਦੀ ਵਰਤੋਂ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜਾਂ ਨੇ ਪੁਣਛ ਜ਼ਿਲ੍ਹੇ ਦੇ ਕਿਸ਼ਨਾ ਘਾਟੀ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਵੀ ਦਾਗੇ। ਇਸ ਤੋਂ ਇਲਾਵਾ ਪੁਣਛ ਦੇ ਮਨਕੋਟ ਇਲਾਕੇ ਵਿਚ ਗੋਲੀਬਾਰੀ ਦੌਰਾਨ ਨਸੀਮ ਅਖ਼ਤਰ ਨਾਂ ਦੀ ਮਹਿਲਾ ਜ਼ਖ਼ਮੀ ਹੋ ਗਈ। ਰੱਖਿਆ ਵਿਭਗਾ ਦੇ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਸ਼ਮਾ ਸਵਾ ਚਾਰ ਵਜੇ ਪਾਕਿਸਤਾਨ ਨੇ ਨੌਸ਼ਹਿਰਾ ਸੈਕਟਰ ਵਿਚ ਬਗ਼ੈਰ ਕਿਸੇ ਭੜਕਾਹਟ ਤੋਂ ਗੋਲੀਬਾਰੀ ਕੀਤੀ ਅਤੇ ਮੋਰਟਾਰ ਨਾਲ ਗੋਲੇ ਵੀ ਦਾਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਵੱਲੋਂ ਪਿਛਲੇ ਇਕ ਹਫ਼ਤੇ ਦੌਰਾਨ 60 ਤੋਂ ਜ਼ਿਆਦਾ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨੀ ਫ਼ੌਜ ਨੇ ਪੁਣਛ, ਰਾਜੌਰੀ, ਜੰਮੂ, ਬਾਰਾਮੂਲ ਜ਼ਿਲ੍ਹਿਆਂ ਵਿਚ 70 ਗ਼ੈਰਫ਼ੌਜੀ ਅਤੇ ਸਰਹੱਦੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਿਸ ਦੌਰਾਨ ਇਕ ਮਹਿਲਾ ਜ਼ਖ਼ਮੀ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ। ਸਰਹੱਦੀ ਖੇਤਰਾਂ ਵਿਚ ਰਹਿਣ ਵਾਲਿਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿਤੀ ਗਈ ਹੈ।  ਪੀਟੀਆਈ