OIC ’ਚ ਖ਼ਾਲੀ ਰਹੀ ਪਾਕਿ ਦੀ ਕੁਰਸੀ, ਸੁਸ਼ਮਾ ਸਵਰਾਜ ਨੇ ਚੁੱਕਿਆ ਅਤਿਵਾਦ ਦਾ ਮੁੱਦਾ
ਆਰਗੇਨਾਈਜੇਸ਼ਨ ਆਫ਼ ਇਸਲਾਮਿਕ ਕੋ-ਆਪਰੇਸ਼ਨ (OIC) ਦੀ ਬੈਠਕ ਵਿਚ ਪਹਿਲੀ ਵਾਰ ਭਾਰਤ ਦੀ ਤਰਜਮਾਨੀ ਕਰ ਰਹੀ ਵਿਦੇਸ਼ ਮੰਤਰੀ...
ਨਵੀਂ ਦਿੱਲੀ : ਆਰਗੇਨਾਈਜੇਸ਼ਨ ਆਫ਼ ਇਸਲਾਮਿਕ ਕੋ-ਆਪਰੇਸ਼ਨ (OIC) ਦੀ ਬੈਠਕ ਵਿਚ ਪਹਿਲੀ ਵਾਰ ਭਾਰਤ ਦੀ ਤਰਜਮਾਨੀ ਕਰ ਰਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਤਿਵਾਦ ਦੇ ਵਿਰੁਧ ਜ਼ੋਰਦਾਰ ਲੜਾਈ ਦੀ ਅਪੀਲ ਕੀਤੀ ਹੈ। ਬਿਨਾਂ ਪਾਕਿਸਤਾਨ ਦਾ ਨਾਮ ਲਏ ਸੁਸ਼ਮਾ ਨੇ ਕਿਹਾ ਕਿ ਅਤਿਵਾਦ ਦਾ ਦਾਇਰਾ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਤਿਵਾਦ ਜ਼ਿੰਦਗੀਆਂ ਤਬਾਹ ਕਰ ਰਿਹਾ ਹੈ। ਦੁਨੀਆ ਭਰ ਦੇ 57 ਮੁਸਲਮਾਨ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਗਾਂਧੀ ਦਾ ਦੇਸ਼ ਹੈ ਜਿੱਥੇ ਹਰ ਅਰਦਾਸ ਸ਼ਾਂਤੀ ਨਾਲ ਖਤਮ ਹੁੰਦੀ ਹੈ।
ਸੁਸ਼ਮਾ ਸਵਰਾਜ ਨੇ ਅਪਣੇ ਭਾਸ਼ਣ ਵਿਚ ਅਤਿਵਾਦ ਦੇ ਵਿਰੁਧ ਭਾਰਤ ਦੇ ਏਜੰਡੇ ਨੂੰ ਅੰਡਰਲਾਈਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਤਿਵਾਦ ਦੇ ਵਿਰੁਧ ਲੜਾਈ ਨੂੰ ਕਿਸੇ ਵੀ ਧਰਮ ਦੇ ਵਿਰੁਧ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ਅਤਿਵਾਦ ਦੇ ਵਿਰੁਧ ਲੜਾਈ ਕਿਸੇ ਵੀ ਧਰਮ ਦੇ ਵਿਰੁਧ ਸੰਘਰਸ਼ ਨਹੀਂ ਹੈ, ਜਿਵੇਂ ਕਿ ਇਸਲਾਮ ਦਾ ਮਤਲਬ ਸ਼ਾਂਤੀ ਹੁੰਦਾ ਹੈ, ਇਸੇ ਤਰ੍ਹਾਂ ਅੱਲ੍ਹਾ ਦੇ 99 ਨਾਵਾਂ ਵਿਚੋਂ ਕਿਸੇ ਦਾ ਮਤਲਬ ਹਿੰਸਾ ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਹਰ ਧਰਮ ਸ਼ਾਂਤੀ ਅਤੇ ਦੋਸਤੀ ਦੀ ਕੋਸ਼ਿਸ਼ ਕਰਦਾ ਹੈ।
ਸੁਸ਼ਮਾ ਸਵਰਾਜ ਨੇ ਪ੍ਰਾਚੀਨ ਭਾਰਤ ਦੀ ਵੈਦਿਕ ਪਰੰਪਰਾ ਦੀ ਉਦਾਹਰਨ ਦਿਤੀ ਅਤੇ ਕਿਹਾ ਕਿ ਭਾਰਤ ਨੇ ਹਮੇਸ਼ਾ ਤੋਂ ਬਹੁਵਾਦ ਨੂੰ ਹਿਫਾਜ਼ਤ ਦਿਤੀ ਹੈ ਅਤੇ ਉਸ ਨੂੰ ਸਮਰੂਪ ਕੀਤਾ ਹੈ ਕਿਉਂਕਿ ਇਹ ਸਾਡੇ ਧਾਰਮਿਕ ਸੰਸਕ੍ਰਿਤ ਗ੍ਰੰਥਾਂ ਵਿਚ ਲਿਖਿਆ ਹੈ। ਰਿਗਵੇਦ ਕਹਿੰਦਾ ਹੈ, ‘ਏਕਮ ਸਤਿਅਮ ਵਿਪ੍ਰਾ ਬਹੁਧਾ ਵਦੰਤੀ’। ਇਸ ਦਾ ਮਤਲਬ ਹੁੰਦਾ ਹੈ ਭਗਵਾਨ ਇਕ ਹਨ ਪਰ ਵਿਦਵਾਨ ਵਿਅਕਤੀ ਉਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਂਦੇ ਹਨ।
ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਜੇਕਰ ਸਾਨੂੰ ਮਨੁੱਖਤਾ ਨੂੰ ਬਚਾਉਣਾ ਹੈ ਤਾਂ ਅਤਿਵਾਦ ਨੂੰ ਸ਼ਰਣ ਦੇਣ ਵਾਲੇ ਦੇਸ਼ਾਂ ਨੂੰ ਕਹਿਣਾ ਪਵੇਗਾ ਕਿ ਉਹ ਇਸ ਨੂੰ ਸ਼ਹਿ ਦੇਣਾ ਬੰਦ ਕਰਨ। ਇਹੀ ਨਹੀਂ ਅਜਿਹੇ ਰਾਜ ਉਨ੍ਹਾਂ ਦੀ ਸੀਮਾ ਵਿਚ ਮੌਜੂਦ ਅਤਿਵਾਦੀ ਕੈਂਪਾਂ ਨੂੰ ਨਸ਼ਟ ਕਰਨ ਅਤੇ ਅਤਿਵਾਦੀਆਂ ਨੂੰ ਫੰਡਿੰਗ ਅਤੇ ਸਮਰਥਨ ਦੇਣਾ ਬੰਦ ਕਰਨ। ਦੱਸ ਦਈਏ ਕਿ ਇਸ ਮੀਟਿੰਗ ਵਿਚ ਭਾਰਤ ਨੂੰ ਬੁਲਾਉਣ ’ਤੇ ਪਾਕਿਸਤਾਨ ਨੇ OIC ਦਾ ਬਾਈਕਾਟ ਕੀਤਾ ਹੈ।
ਪਾਕਿਸਤਾਨ ਨੇ ਮੰਗ ਕੀਤੀ ਸੀ ਕਿ ਇਸ ਮੀਟਿੰਗ ਵਿਚੋਂ ਭਾਰਤ ਨੂੰ ਬਾਹਰ ਕੀਤਾ ਜਾਵੇ, ਹਾਲਾਂਕਿ OIC ਬੈਠਕ ਦੀ ਪ੍ਰਧਾਨਤਾ ਕਰ ਰਹੇ ਅਬੁਧਾਬੀ ਨੇ ਪਾਕਿਸਤਾਨ ਦੀ ਇਸ ਦਲੀਲ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ। OIC ਦੀ ਬੈਠਕ ਵਿਚ ਪਾਕਿਸਤਾਨ ਦੀ ਸੀਟ ਅੱਜ ਖ਼ਾਲੀ ਰਹੀ।