ਅਟਾਰੀ ਬਾਰਡਰ ਤੋਂ ਦੇਸ਼ ਪਰਤਣਗੇ ਅਭਿਨੰਦਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਪੂਰੇ ਦੇਸ਼ ਦੀਆਂ ਨਜ਼ਰਾਂ ਵਾਹਘਾ ਬਾਰਡਰ ’ਤੇ ਟਿਕੀਆਂ ਹੋਈਆਂ.......

Wing Commander Abhinandan

 ਨਵੀਂ ਦਿੱਲੀ: ਅੱਜ ਪੂਰੇ ਦੇਸ਼ ਦੀਆਂ ਨਜ਼ਰਾਂ ਵਾਹਘਾ ਬਾਰਡਰ ’ਤੇ ਟਿਕੀਆਂ ਹੋਈਆਂ ਹਨ। ਹਿੰਦੁਸਤਾਨ ਦਾ ਵਿੰਗ ਕਮਾਂਡਰ ਅਭਿਨੰਦਨ ਆਉਣ ਵਾਲਾ ਹੈ। ਭਾਰਤ ਨੇ ਅਜਿਹਾ ਸਖ਼ਤ ਰਵੱਈਆ ਅਪਣਾਇਆ ਕਿ ਇਸਲਾਮਾਬਾਦ ਦੀ ਇਕ ਨਾ ਚੱਲੀ। ਪਾਕਿਸਤਾਨ ਦੇ ਪ੍ਰ੍ਧਾਨ ਮੰਤਰੀ ਇਮਰਾਨ ਖ਼ਾਨ ਨੂੰ ਖੁਦ ਅਭਿਨੰਦਨ ਨੂੰ ਰਿਹਾਅ ਕਰਨ ਦਾ ਐਲਾਨ ਕਰਨਾ ਪਿਆ। ਇਸਲਾਮਾਬਾਦ ਤੋਂ ਕੈਪਟਨ ਜੇਡੀ ਕੁਰੀਅਨ ਅਭਿਨੰਦਨ ਨੂੰ ਲੈ ਕੇ ਆਉਣਗੇ।

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਸਮੇਤ ਵਾਯੂ ਸੈਨਾ ਦੇ ਵੱਡੇ ਅਧਿਕਾਰੀ ਅਤੇ ਮੋਦੀ ਸਰਕਾਰ ਦੇ ਕਈ ਮੰਤਰੀ ਵੀ ਵਾਹਘਾ ਬਾਰਡਰ ’ਤੇ ਅਭਿਨੰਦਨ ਦਾ ਸਵਾਗਤ ਕਰਨਗੇ। ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਟਵਿਟਰ ’ਤੇ ਲਿਖਿਆ, "ਮੈਂ ਪੰਜਾਬ ਦੇ ਬਾਰਡਰ ਖੇਤਰਾਂ ਦਾ ਦੌਰਾ ਕਰ ਰਿਹਾ ਹਾਂ ਅਤੇ ਮੈਂ ਇਸ ਵਕਤ ਅੰਮਿ੍ਰ੍ਤਸਰ ਵਿਚ ਹਾਂ। ਪਤਾ ਲੱਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਵਾਹਘਾ ਤੋਂ ਅਭਿਨੰਦਨ ਨੂੰ ਭੇਜਣ ਦਾ ਫੈਸਲਾ ਕੀਤਾ ਹੈ।

ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਕਿ ਮੈਂ ਉਸ ਦੇ ਸਵਾਗਤ ਲਈ ਉੱਥੇ ਮੌਜੂਦ ਹੋਵਾਂ ਅਤੇ ਉਸ ਨਾਲ ਮੁਲਾਕਾਤ ਕਰਾਂ, ਕਿਉਂ ਕਿ ਉਹ ਅਤੇ ਉਸ ਦੇ ਪਿਤਾ ਐੱਨਡੀਏ ਦੇ ਵਿਦਿਆਰਥੀ ਰਹੇ ਹਨ।" ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਸੀ ਕਿ ਬਗੈਰ ਕਿਸੇ ਚੋਟ ਤੋਂ ਪਾਇਲਟ ਨੂੰ ਜਲਦ ਰਿਹਾਈ ਹੋਣੀ ਚਾਹੀਦੀ ਹੈ।

ਹਾਲਾਂਕਿ, ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦਾ ਐਲਾਨ ਕਰਨ ਤੋਂ ਪਹਿਲਾਂ ਪਾਕਿਸਤਾਨ ਨੇ ਸੌਦੇਬਾਜ਼ੀ ਦਾ ਸੰਕੇਤ ਦਿੱਤਾ ਸੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਕਿਹਾ ਸੀ ਕਿ," ਪਾਕਿਸਤਾਨ ਦੇ ਕਬਜ਼ੇ ਵਿਚ ਭਾਰਤੀ ਪਾਇਲਟ ਸੁਰੱਖਿਅਤ ਹੈ। ਭਾਰਤ ਨੇ ਸਾਡੇ ਨਾਲ ਪਾਇਲਟ ਦਾ ਮੁੱਦਾ ਉਠਾਇਆ ਸੀ। ਕੁਝ ਦਿਨਾਂ ਵਿਚ ਫੈਸਲਾ ਕਰਾਂਗੇ ਕਿ ਕਿਹੜੀ ਸੰਧੀ ਉਹਨਾਂ ’ਤੇ ਲਾਗੂ ਹੋਵੇਗੀ ਅਤੇ ਭਾਰਤੀ ਪਾਇਲਟਾਂ ਨੂੰ ਯੁੱਧ ਬੰਦੀ ਦਾ ਦਰਜ਼ਾ ਦਿੱਤਾ ਜਾਵੇ ਜਾਂ ਨਹੀਂ।"