ਭਾਰਤ ਵਿਚ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿਤੀ ਜਾਵੇਗੀ : ਸ਼ਾਹ
ਬੰਗਾਲ ਵਿਚ ਦੋ ਤਿਹਾਈ ਬਹੁਮਤ ਨਾਲ ਅਗਲੀ ਸਰਕਾਰ ਬਣਾਵਾਂਗੇ
ਕੋਲਕਾਤਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦ ਤਕ ਨਵੇਂ ਨਾਗਰਿਕਤਾ ਕਾਨੂੰਨ ਤਹਿਤ ਦੇਸ਼ ਵਿਚ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਨਹੀਂ ਦੇ ਦਿਤੀ ਜਾਂਦੀ, ਤਦ ਤਕ ਨਰਿੰਦਰ ਮੋਦੀ ਸਰਕਾਰ ਨਹੀਂ ਰੁਕੇਗੀ। ਸ਼ਾਹ ਨੇ ਇਥੇ ਰੈਲੀ ਨੂੰ ਸੰਬੋਧਤ ਕਰਦਿਆਂ ਭਰੋਸਾ ਪ੍ਰਗਟ ਕੀਤਾ ਕਿ ਭਾਰਤੀ ਜਨਤਾ ਪਾਰਟੀ 2021 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਬੰਗਾਲ ਵਿਚ ਦੋ ਤਿਹਾਈ ਬਹੁਮਤ ਨਾਲ ਅਗਲੀ ਸਰਕਾਰ ਬਣਾਏਗੀ।
ਤ੍ਰਿਣਮੂਲ ਕਾਂਗਰਸ ਸਣੇ ਵਿਰੋਧੀ ਪਾਰਟੀਆਂ 'ਤੇ ਸ਼ਰਨਾਰਥੀਆਂ ਅਤੇ ਘੱਟਗਿਣਤੀਆਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਸ਼ਾਹ ਨੇ ਕਿਹਾ ਕਿ ਨਵੇਂ ਨਾਗਰਿਕਤਾ ਕਾਨੂੰਨ ਕਾਰਨ ਇਕ ਵੀ ਵਿਅਕਤੀ ਨੂੰ ਨਾਗਰਿਕਤਾ ਨਹੀਂ ਗਵਾਉਣੀ ਪਵੇਗੀ। ਗ੍ਰਹਿ ਮੰਤਰੀ ਨੇ ਕਿਹਾ, 'ਵਿਰੋਧੀ ਘੱਟਗਿਣਤੀਆਂ ਨੂੰ ਡਰਾ ਰਹੇ ਹਨ, ਮੈਂ ਘੱਟਗਿਣਤੀਆਂ ਦੇ ਹਰ ਵਿਅਕਤੀ ਨੂੰ ਭਰੋਸਾ ਦਿੰਦਾ ਹਾਂ ਕਿ ਸੀਏਏ ਸਿਰਫ਼ ਨਾਗਰਿਕਤਾ ਦਿੰਦਾ ਹੈ ਨਾਕਿ ਖੋਂਹਦਾ ਹੈ। ਇਸ ਨਾਲ ਤੁਹਾਡੀ ਨਾਗਰਿਕਤਾ 'ਤੇ ਅਸਰ ਨਹੀਂ ਪਵੇਗਾ।' ਉਨ੍ਹਾਂ ਕਿਹਾ, 'ਜਦ ਤਕ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਨਹੀਂ ਮਿਲ ਜਾਂਦੀ ਤਦ ਤਕ ਅਸੀਂ ਨਹੀਂ ਰੁਕਾਂਗੇ।'
ਸ਼ਾਹ ਨੇ ਰੈਲੀ ਵਿਚ ਪਛਮੀ ਬੰਗਾਲ ਵਿਚ ਭਾਜਪਾ ਦੀ 'ਹੁਣ ਹੋਰ ਅਨਿਆਂ ਨਹੀਂ' ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਅਤਿਵਾਦ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਿਚ ਦੇਸ਼ ਨੇ ਅਸਰਦਾਰ ਅਤੇ ਅਗਾਊਂ ਰੋਕਥਾਮ ਵਾਲੀ ਰਖਿਆ ਨੀਤੀ ਬਣਾਈ ਹੈ। ਸ਼ਾਹ ਨੇ ਕਿਹਾ ਕਿ ਸਰਜੀਕਲ ਹਮਲਾ ਕਰਨ ਦੇ ਮਾਮਲੇ ਵਿਚ ਭਾਰਤ ਹੁਣ ਅਮਰੀਕਾ ਅਤੇ ਇਜ਼ਰਾਈਲ ਜਿਹੇ ਮੁਲਕਾਂ ਦੇ ਗਰੁਪ ਵਿਚ ਸ਼ਾਮਲ ਹੋ ਗਿਆ ਹੈ।
ਉਨ੍ਹਾਂ ਰਾਜਰਹਾਟ ਵਿਚ ਕੌਮੀ ਸੁਰੱਖਿਆ ਗਾਰਡ (ਐਨਐਸਜੀ) ਦੇ ਨਵੇਂ ਭਵਨ ਦਾ ਉਦਘਾਟਨ ਕਰਦਿਆਂ ਕਿਹਾ, 'ਹੁਣ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ, ਅਸੀਂ ਅਗਾਊਂ ਰੋਕਥਾਮ ਵਾਲੀ ਰਖਿਆ ਨੀਤੀ ਬਣਾਈ ਹੈ ਜੋ ਵਿਦੇਸ਼ ਨੀਤੀ ਤੋਂ ਵਖਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜਿਹੀ ਨੀਤੀ 'ਤੇ ਕੰਮ ਕਰ ਰਹੀ ਹੈ ਜਿਸ ਨਾਲ ਜਵਾਨਾਂ ਨੂੰ ਅਪਣੇ ਪਰਵਾਰਾਂ ਨਾਲ ਰਹਿਣ ਲਈ ਸਾਲ ਵਿਚ ਘੱਟੋ ਘੱਟ 100 ਦਿਨਾਂ ਦੀ ਛੁੱਟੀ ਮਿਲੇ।