ਸਿੱਖ ਗੁਰੂਆਂ ਬਾਰੇ ਮਾੜੇ ਸ਼ਬਦ ਲਿਖਣ ਵਾਲਾ ਕਾਬੂ, ਪਰਚਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਈ ਵੀ ਵਕੀਲ ਮੁਲਜ਼ਮ ਦਾ ਕੇਸ ਨਹੀਂ ਲੜੇਗਾ : ਬਾਰ ਐਸੋਸੀਏਸ਼ਨ

Photo

ਕਰਨਾਲ : ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਵਿੱਕੀ ਸ਼ਰਮਾ ਨਾਮਕ ਇਕ ਵਿਅਕਤੀ ਵਲੋਂ ਸਿੱਖ ਗੁਰੂਆਂ ਬਾਰੇ ਅਤੇ ਸਿੱਖ ਬੀਬੀਆਂ ਬਾਰੇ ਫ਼ੇਸਬੁਕ 'ਤੇ ਮਾੜੇ ਸ਼ਬਦਾਂ ਦੀ ਵਰਤੋਂ ਕਰ ਕੇ ਪੋਸਟਾਂ ਪਾਈਆਂ ਸਨ ਜਿਸ ਬਾਰੇ ਜਾਗਰੂਕ ਸਿੱਖ ਨੌਜਵਾਨਾਂ ਵਲੋਂ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਨੂੰ ਇਕ ਲਿਖਤੀ ਦਰਖ਼ਾਸਤ ਦਿਤੀ ਗਈ।

ਦਰਖ਼ਾਸਤ 'ਤੇ ਪੁਲਿਸ ਵਲੋਂ ਜਾਂਚ ਕਰਦੇ ਹੋਏ ਮੁਲਜ਼ਮ ਵਿੱਕੀ ਸ਼ਰਮਾ ਵਿਰੁਧ ਧਾਰਾ 295-ਏ  ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਜਿਸ ਨੂੰ ਪੁਲਿਸ ਵਲੋਂ ਕਰਨਾਲ ਦੇ ਚੀਫ਼ ਜੁਡੀਸ਼ੀਅਲ ਜੱਜ ਹਰੀਸ਼ ਗੋਇਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵਲੋਂ ਮੁਲਜ਼ਮ ਨੂੰ 14 ਦਿਨ ਲਈ ਜੇਲ ਭੇਜ ਦਿਤਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕਰਨਾਲ ਬਾਰ ਐਸੋਸੀਏਸ਼ਨ ਦੇ ਸੱਭ ਵਕੀਲਾਂ ਵਲੋਂ ਮੁਲਜ਼ਮ ਦਾ ਕੇਸ ਨਾ ਲੜਨ ਲਈ ਏਕਤਾ ਬਣਾਈ ਹੋਈ ਹੈ ਅਤੇ ਕਰਨਾਲ ਬਾਰ ਵਲੋਂ ਮੁਲਜ਼ਮ ਵਿੱਕੀ ਸ਼ਰਮਾ ਨਾਲ ਕੋਈ ਵੀ ਵਕੀਲ ਖੜਾ ਹੋਇਆ ਨਜ਼ਰ ਨਹੀਂ ਆਇਆ ਤੇ ਸੱਭ ਵਕੀਲਾਂ ਨੇ ਕਿਹਾ ਕਿ ਇਸ ਨੇ ਬਹੁਤ ਗ਼ਲਤ ਹਰਕਤ ਕੀਤੀ ਹੈ ਅਤੇ ਕਰਨਾਲ ਬਾਰ ਵਿਚੋਂ ਕੋਈ ਵੀ ਵਕੀਲ ਇਸ ਦਾ  ਕੇਸ ਨਹੀਂ ਲੜੇਗਾ।

ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਭਾਟੀਆ, ਸਾਬਕਾ ਪ੍ਰਧਾਨ ਨਿਰਮਲ ਜੀਤ ਸਿੰਘ ਵਿਰਕ, ਸਾਬਕਾ ਪ੍ਰਧਾਨ ਨਰਿੰਦਰ ਸਿੰਘ ਚੀਮਾ, ਸੀਨੀਅਰ ਐਡਵੋਕੇਟ ਅਪਾਰ ਸਿੰਘ, ਐਡਵੋਕੇਟ ਅੰਗਰੇਜ਼ ਸਿੰਘ ਪੰਨੂ, ਬਾਰ ਐਸੋਸੀਏਸ਼ਨ ਦੇ ਸੈਕਟਰੀ ਸੁਰੇਸ਼ ਰਾਣਾ, ਕੈਸ਼ੀਅਰ ਅੰਕੁਰ ਸ਼ਰਮਾ, ਗੁਰਮੀਤ ਸਿੰਘ, ਹਰਭਜਨ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਵਿਕਰਮ ਗੁੱਜਰ ਤੇ ਹੋਰ ਸੀਨੀਅਰ ਵਕੀਲ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਰੋਜ਼ਾਨਾ ਸਪੋਕਸਮੈਨ ਵਿਚ ਲਗੀ ਖ਼ਬਰ ਦਾ ਅਸਰ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਵਲੋਂ ਗੁਰੂਆਂ ਬਾਰੇ ਗ਼ਲਤ ਫ਼ੋਟੋ ਪਾਉਣ ਵਾਲੇ ਵਿੱਕੀ ਸ਼ਰਮਾ ਵਿਰੁਧ ਪਰਚਾ ਦਰਜ ਕੀਤਾ ਗਿਆ ਸੀ।