ਰੂਸੀ ਹਮਲੇ 'ਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ 'ਚ ਬੋਲਿਆ ਭਾਰਤ, ‘ਗੱਲਬਾਤ ਨਾਲ ਹੀ ਹੱਲ ਹੋ ਸਕਦੇ ਹਨ ਸਾਰੇ ਮਸਲੇ’
ਤਿਰੁਮੂਰਤੀ ਨੇ ਕਿਹਾ, ”ਭਾਰਤ ਯੂਕਰੇਨ ਵਿਚ ਵਿਗੜਦੀ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹੈ। ਅਸੀਂ ਹਿੰਸਾ ਨੂੰ ਤੁਰੰਤ ਬੰਦ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਉਂਦੇ ਹਾਂ।”
ਨਵੀਂ ਦਿੱਲੀ: ਭਾਰਤ ਨੇ ਯੂਕਰੇਨ ਵਿਚ ਵਿਗੜਦੀ ਸਥਿਤੀ ਉੱਤੇ ਚਿੰਤਾ ਜ਼ਾਹਰ ਕਰਦਿਆਂ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਸਾਰੇ ਮੁੱਦਿਆਂ ਨੂੰ ਸੱਚੀ, ਇਮਾਨਦਾਰ ਅਤੇ ਨਿਰੰਤਰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਸੋਮਵਾਰ ਨੂੰ ਯੂਕਰੇਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਹੰਗਾਮੀ ਮੀਟਿੰਗ ਵਿਚ ਦੱਸਿਆ ਕਿ ਭਾਰਤ ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
UNGA
ਤਿਰੁਮੂਰਤੀ ਨੇ ਕਿਹਾ, ”ਭਾਰਤ ਯੂਕਰੇਨ ਵਿਚ ਵਿਗੜਦੀ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹੈ। ਅਸੀਂ ਹਿੰਸਾ ਨੂੰ ਤੁਰੰਤ ਬੰਦ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਉਂਦੇ ਹਾਂ।” ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੂਸ ਅਤੇ ਯੂਕਰੇਨ ਦੀ ਲੀਡਰਸ਼ਿਪ ਨਾਲ ਆਪਣੀ ਹਾਲੀਆ ਗੱਲਬਾਤ ਦੌਰਾਨ ਇਸ ਦੀ ਜ਼ੋਰਦਾਰ ਵਕਾਲਤ ਕੀਤੀ ਸੀ। ਤਿਰੁਮੂਰਤੀ ਨੇ ਕਿਹਾ, "ਅਸੀਂ ਸੱਚੀ, ਇਮਾਨਦਾਰ ਅਤੇ ਨਿਰੰਤਰ ਗੱਲਬਾਤ ਰਾਹੀਂ ਸਾਰੇ ਮਤਭੇਦਾਂ ਨੂੰ ਸੁਲਝਾਉਣ ਲਈ ਆਪਣੇ ਸੱਦੇ ਨੂੰ ਦੁਹਰਾਉਂਦੇ ਹਾਂ।"
India calls for end of violence in Ukraine at United Nations General Assembly meeting
ਉਹਨਾਂ ਕਿਹਾ, “ਭਾਰਤ ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਾਡੀ ਤਰਜੀਹ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਹਨ।" ਤਿਰੁਮੂਰਤੀ ਨੇ ਮਨੁੱਖੀ ਲੋੜਾਂ ਦੀ ਤੁਰੰਤ ਪੂਰਤੀ 'ਤੇ ਵੀ ਜ਼ੋਰ ਦਿੱਤਾ। ਭਾਰਤ ਨੇ ਸੋਮਵਾਰ ਨੂੰ ਯੂਕਰੇਨ ਨੂੰ ਮਨੁੱਖੀ ਸਹਾਇਤਾ ਭੇਜਣ ਦਾ ਵੀ ਫੈਸਲਾ ਕੀਤਾ। ਇਸ ਦੇ ਨਾਲ ਹੀ ਭਾਰਤੀ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਕਰਨ ਲਈ ਯੂਕਰੇਨ ਦੇ ਗੁਆਂਢੀ ਦੇਸ਼ਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਯੂਕਰੇਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਤਿਰੁਮੂਰਤੀ ਨੇ ਯੂਕਰੇਨ 'ਚ ਪੈਦਾ ਹੋਈ ਗੰਭੀਰ ਮਨੁੱਖੀ ਸਥਿਤੀ ਦਾ ਮੁੱਦਾ ਚੁੱਕਿਆ।
India calls for end of violence in Ukraine at United Nations General Assembly meeting
ਤਿਰੁਮੂਰਤੀ ਨੇ ਕਿਹਾ, “ਯੂਕਰੇਨ ਵਿਚ ਇਕ ਗੰਭੀਰ ਮਨੁੱਖੀ ਸਥਿਤੀ ਪੈਦਾ ਹੋ ਗਈ ਹੈ। ਸੰਘਰਸ਼ ਦੇ ਅਜਿਹੇ ਸਮੇਂ ਵਿਚ ਭਾਰਤ ਆਪਣੇ ਨਾਗਰਿਕਾਂ, ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਸਾਡਾ ਮੰਨਣਾ ਹੈ ਕਿ ਮਨੁੱਖੀ ਸਹਾਇਤਾ ਦੇ ਬੁਨਿਆਦੀ ਸਿਧਾਂਤਾਂ ਦਾ ਪੂਰਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।" ਇਸ ਤੋਂ ਪਹਿਲਾਂ ਭਾਰਤ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ 193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ "ਐਮਰਜੈਂਸੀ ਵਿਸ਼ੇਸ਼ ਸੈਸ਼ਨ" ਬੁਲਾਉਣ ਲਈ ਸੁਰੱਖਿਆ ਪ੍ਰੀਸ਼ਦ ਦੀ ਵੋਟਿੰਗ ਵਿਚ ਹਿੱਸਾ ਨਹੀਂ ਲਿਆ ਸੀ।