ਯੋਗੀ ਦੀ ਰੈਲੀ 'ਚ ਨਜ਼ਰ ਆਇਆ ਅਖ਼ਲਾਕ ਹੱਤਿਆ ਕਾਂਡ ਦਾ ਮੁਲਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਊ ਹੱਤਿਆ ਦੇ ਸ਼ੱਕ 'ਚ ਭੀੜ ਨੇ ਮੁਹੰਮਦ ਅਖ਼ਲਾਕ ਦੀ ਹੱਤਿਆ ਕਰ ਦਿੱਤੀ ਸੀ

Mohammad Akhlaq lynching accused appeared in Yogi rally

ਨੋਇਡਾ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਯਾਨਾਥ ਐਤਵਾਰ ਨੂੰ ਗੌਤਮ ਬੁੱਧ ਦੇ ਉਸੇ ਬਿਸਾਹੜਾ ਪਿੰਡ 'ਚ ਰੈਲੀ ਕਰਨ ਪੁੱਜੇ, ਜਿੱਥੇ ਸਾਲ 2015 'ਚ ਮੁਹੰਮਦ ਅਖ਼ਲਾਕ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।

ਰੈਲੀ 'ਚ ਸਥਾਨਕ ਭਾਜਪਾ ਆਗੂ ਸੰਜੈ ਰਾਣਾ ਦਾ ਪੁੱਤਰ ਤੇ ਅਖ਼ਲਾਕ ਦੀ ਹੱਤਿਆ ਦਾ ਮੁੱਖ ਮੁਲਜ਼ਮ ਵਿਸ਼ਾਲ ਰਾਣਾ ਅਤੇ ਉਸ ਦਾ ਸਾਥੀ ਪੁਨੀਤ ਵੀ ਮੌਜੂਦ ਸੀ। ਰੈਲੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਵਿਸ਼ਾਲ ਅਤੇ ਚਾਰ ਲੋਕ ਰੈਲੀ 'ਚ ਸਭ ਤੋਂ ਅੱਗੇ ਖੜੇ ਹਨ ਅਤੇ ਯੋਗੀ ਦਾ ਭਾਸ਼ਣ ਸੁਣ ਕੇ ਨਾਹਰੇਬਾਜ਼ੀ ਤੇ ਤਾੜੀਆਂ ਵਜਾ ਰਹੇ ਹਨ। ਵਿਸ਼ਾਲ ਅਤੇ ਪੁਨੀਤ ਇਸ ਸਮੇਂ ਜ਼ਮਾਨਤ 'ਤੇ ਹਨ।

ਵਿਸ਼ਾਲ 'ਤੇ ਆਈਪੀਸੀ ਦੀ ਧਾਰਾ 302 (ਹੱਤਿਆ) ਅਤੇ 307 (ਹੱਤਿਆ ਦੀ ਕੋਸ਼ਿਸ਼) ਦਾ ਮਾਮਲਾ ਦਰਜ ਹੈ। ਮਾਮਲਾ ਫ਼ਾਸਟ ਟਰੈਕ ਕੋਰਟ 'ਚ ਚੱਲ ਰਿਹਾ ਹੈ ਅਤੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕੀਤਾ ਜਾਣਾ ਹਾਲੇ ਬਾਕੀ ਹੈ। ਮਾਮਲੇ ਦੀ ਸੁਣਵਾਈ 10 ਅਪ੍ਰੈਲ ਨੂੰ ਹੋਣੀ ਹੈ। ਅਖ਼ਲਾਕ ਹੱਤਿਆ ਮਾਮਲੇ 'ਚ ਪੁਨੀਤ ਦਾ ਨਾਂ ਐਫ.ਆਈ.ਆਰ. 'ਚ ਨਹੀਂ ਸੀ ਪਰ ਘਟਨਾ ਦੇ ਤਿੰਨ ਮਹੀਨੇ ਬਾਅਦ ਅਖ਼ਲਾਕ ਦੀ ਬੇਟੀ ਸ਼ਾਇਸਤਾ ਦੇ ਬਿਆਨ 'ਤੇ ਪੁਨੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Mohammad Akhlaq

ਜ਼ਿਕਰਯੋਗ ਹੈ ਕਿ 55 ਸਾਲਾ ਮੁਹੰਮਦ ਅਖ਼ਲਾਕ ਦੀ ਭੀੜ ਨੇ ਉਸ ਦੇ ਘਰ ਅੰਦਰ ਜ਼ਬਰੀ ਦਾਖ਼ਲ ਹੋ ਕੇ ਹੱਤਿਆ ਕਰ ਦਿੱਤੀ ਸੀ। ਭੀੜ ਨੂੰ ਅਖ਼ਲਾਕ ਦੇ ਉੱਪਰ ਗਊ ਹੱਤਿਆ ਦਾ ਸ਼ੱਕ ਸੀ, ਜਿਸ ਤੋਂ ਬਾਅਦ ਉਸ ਦੀ ਮਾਰਕੁੱਟ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਪਿੰਡ 'ਚ ਤਣਾਅ ਵੱਧ ਗਿਆ ਸੀ, ਜਿਸ ਕਾਰਨ ਅਖ਼ਲਾਕ ਦੇ ਪਰਿਵਾਰ ਨੂੰ ਪਿੰਡ ਛੱਡ ਕੇ ਜਾਣਾ ਪਿਆ ਸੀ।