ਰਾਹੁਲ ਗਾਂਧੀ, ਕਾਂਗਰਸ ਨੇ ਕਿਸਾਨਾਂ ਨੂੰ ਧੋਖਾ ਦਿਤਾ, ਜਨਤਾ ਸਾਹਮਣੇ ਸੱਚ ਉਜਾਗਰ ਕਰਾਂਗੇ : ਸ਼ਿਵਰਾਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਕੇਂਦਰ ਦੀਆਂ ਯੋਜਨਾਵਾਂ ਨੂੰ ਕਾਂਗਰਸ ਰੋਕਣ ਦੀ ਸਾਜ਼ਸ਼ ਕਰ ਰਹੀ ਹੈ ਅਤੇ ਜਨਤਾ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗੀ 

Shivraj Singh Chouhan

ਨਵੀਂ ਦਿੱਲੀ : ਰਾਹੁਲ ਗਾਂਧੀ 'ਤੇ ਕਿਸਾਨਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਂਉਦਿਆਂ  ਭਾਜਪਾ ਉਪ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਇਕ ਪਾਸੇ ਕਾਂਗਰਸ ਸ਼ਾਸਤ ਰਾਜ ਸਰਕਾਰਾਂ ਨੇ ਪ੍ਰਧਾਨ ਮੰਤਰੀ ਸਨਮਾਨ ਨਿਧੀ ਲਈ ਕਿਸਾਨਾਂ ਦੇ ਨਾਂਵਾਂ ਦੀ ਸੂਚੀ ਨਹੀਂ ਭੇਜੀ, ਉਥੇ ਹੀ ਉਹ ਕੇਂਦਰ ਦੀਆਂ ਯੋਜਨਾਵਾਂ ਨੂੰ ਰੋਕਣ ਦੀ ਸਾਜ਼ਸ਼ ਵੀ ਕਰ ਰਹੀ ਹੈ ਜਿਸ ਨੂੰ ਜਨਤਾ ਸਾਹਮਣੇ ਉਜਾਗਰ ਕੀਤਾ ਜਾਵੇਗਾ।

ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਲ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਿਵੇਂ ਕਰਜ਼ਾ ਮਾਫ਼ੀ ਦੇ ਮੁੱਦੇ 'ਤੇ ਕਿਸਾਨਾਂ ਨੂੰ ਧੋਖਾ ਦਿਤਾ, ਉਸੇ ਤਰ੍ਹਾਂ ਹੁਣ ਗ਼ਰੀਬੀ 'ਤੇ ਸਰਜੀਕਲ ਸਟਰਾਈਕ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਕਦੇ ਕਿਸਾਨਾਂ ਨੂੰ ਝੂਠ ਬੋਲਦੇ ਹਨ ਅਤੇ ਕਦੇ ਜਨਤਾ ਨੂੰ। ਝੂਠ ਬੋਲਣਾ ਉਨ੍ਹਾਂ ਦੀ ਆਦਤ ਹੈ ਅਤੇ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਧੋਖਾ ਦਿਤਾ ਹੈ। ਚੌਹਾਨ ਨੇ ਕਿਹਾ ਕਿ ਅੱਜ ਮੈਨੂੰ ਇਹ ਕਹਿਣ ਵਿਚ ਕੋਈ ਗੁਰੇਜ਼ ਨਹੀਂ ਕਿ ਕਿਸਾਨਾਂ ਨੂੰ 'ਪੱਪੂ' ਬਣਾਉਣ ਦਾ ਯਤਨ ਕੀਤਾ ਗਿਆ ਹੈ ਅਤੇ ਕਿਸਾਨ ਲੋਕ ਸਭਾ ਚੋਣਾਂ ਵਿਚ ਕਰਾਰਾ ਜਵਾਬ ਦੇਣਗੇ।

ਭਾਜਪਾ ਦੇ ਸੀਨੀਅਰ ਨੇਤਾ ਨੇ ਦੋਸ਼ ਲਗਾਇਆ ਕਿ ਦੇਸ਼ ਵਿਚ ਜਿਨਾਂ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਹੈ, ਉਥੋਂ ਹੁਣ ਤਕ ਪ੍ਰਧਾਨ ਮੰਤਰੀ ਸਨਮਾਨ ਨਿਧੀ ਲਈ ਕਿਸਾਨਾਂ ਦੇ ਨਾਵਾਂ ਦੀ ਸੂਚੀ ਤਕ ਨਹੀਂ ਭੇਜੀ ਗਈ। ਕੇਂਦਰ ਦੀਆਂ ਯੋਜਨਾਵਾਂ ਨੂੰ ਰੋਕਣ ਦੀ ਸਾਜ਼ਸ਼ ਕਾਂਗਰਸ ਕਰ ਰਹੀ ਹੈ ਅਤੇ ਇਸ ਲਈ ਜਨਤਾ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗੀ।  

ਉਨ੍ਹਾਂ ਦਾਅਵਾ ਕੀਤਾ ਕਿ ਉਹ ਜਨਤਾ ਵਿਚ ਜਾਂਦੇ ਹਨ ਅਤੇ ਪੁੱਛਦੇ ਹਨ ਕਿ ਸਾਡੇ ਤੋਂ ਕੀ ਭੁੱਲ ਹੋਈ, ਤਾਂ ਲੋਕ ਕਹਿੰਦੇ ਹਨ ''ਭੁੱਲ ਭੁਲੇਖੇ ਝਾਂਸੇ ਵਿਚ ਆ ਗਏ ਸੀ, ਲੋਕ ਸਭਾ ਦੀਆਂ ਚੋਣਾ ਵਿਚ ਕਾਂਗਰਸ ਨੂੰ ਠੀਕ ਕਰ ਦੇਵਾਂਗੇ।'' ਕਾਂਗਰਸ 'ਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਜੇ ਨਾ ਕਰਨ ਦਾ ਦੋਸ਼ ਲਗਾਂਉਦਿਆਂ ਉਨ੍ਹਾਂ ਕਿਹਾ, ''ਮੈਂ ਦੇਸ਼ ਵਿਚ ਘੁੰਮ -ਘੁੰਮ ਕੇ ਜਨਤਾ ਸਾਹਮਣੇ ਇਨ੍ਹਾਂ ਦਾ ਝੂਠਾ ਚਿਹਰਾ ਉਜਾਗਰ ਕਰਾਂਗਾ ਅਤੇ ਲੋਕਾਂ ਨੂੰ ਚੌਕਸ ਕਰਾਂਗਾ ਕਿ ਇਨ੍ਹਾਂ ਦੇ ਝਾਂਸੇ ਵਿਚ ਨਾ ਆਉਣ।''   (ਪੀਟੀਆਈ)