ਰਾਹੁਲ ਦੇ ਨਾਗਰਿਕਤਾ ਵਿਵਾਦ ਬਾਰੇ ਭਾਜਪਾ 'ਤੇ ਉਂਗਲ
ਡੈਮੋਕਰੇਟਿਕ ਜਨਤਾ ਦਲ ਦੇ ਮੁਖੀ ਸ਼ਰਦ ਯਾਦਵ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਦਾ ਮੁੱਦਾ ਉਠਾਉਣ ‘ਤੇ ਭਾਜਪਾ ਦੀ ਨਿਖੇਧੀ ਕੀਤੀ ਹੈ।
ਨਵੀਂ ਦਿੱਲੀ: ਡੈਮੋਕਰੇਟਿਕ ਜਨਤਾ ਦਲ ਦੇ ਮੁਖੀ ਸ਼ਰਦ ਯਾਦਵ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਦਾ ਮੁੱਦਾ ਉਠਾਉਣ ‘ਤੇ ਭਾਜਪਾ ਦੀ ਨਿਖੇਧੀ ਕੀਤੀ ਹੈ। ਸ਼ਰਦ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਸਿਆਸਤ ਦਾ ਬਹੁਤ ਹੀ ਨਿਰਾਦਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਲੈ ਕੇ ਮਿਲੀ ਸ਼ਿਕਾਇਤ ‘ਤੇ ਗ੍ਰਹਿ ਮੰਤਰਾਲੇ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਇਸ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।
ਸ਼ਰਦ ਯਾਦਵ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਭਾਜਪਾ ਵੱਲੋਂ ਰਾਹੁਲ ਗਾਂਧੀ ਦੀ ਨਾਗਰਿਕਤਾ ਦਾ ਮੁੱਦਾ ਉਠਾਉਣ ਦੀ ਸਖ਼ਤ ਨਿੰਦਾ ਕਰਦੇ ਹਨ। ਉਹਨਾਂ ਕਿਹਾ ਕਿ ਜਦੋਂ ਭਾਜਪਾ ਨੂੰ ਪਤਾ ਹੈ ਕਿ ਹੁਣ ਉਹਨਾਂ ਦੀ ਸਰਕਾਰ ਨਹੀਂ ਬਣ ਪਾਵੇਗੀ ਇਸੇ ਲਈ ਉਹ ਗੈਰ ਮੁੱਦਿਆਂ ਨੂੰ ਫੈਲਾਅ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਨੇ ਪਿਛਲੇ ਪੰਜ ਸਾਲਾ ਵਿਚ ਸਿਆਸਤ ਦਾ ਬਹੁਤ ਨਿਰਾਦਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਹਮੇਸ਼ਾਂ ਝੂਠੇ ਵਾਅਦਿਆਂ ਅਤੇ ਗੈਰ-ਮੁੱਦਿਆਂ ਵਿਚ ਉਲਝੀ ਰਹਿੰਦੀ ਹੈ।
ਉਹਨਾਂ ਕਿਹਾ ਕਿ ਆਮ ਜਨਤਾ ਨੂੰ ਅਜਿਹੀਆਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੂੰ ਬਸ ਇਸ ਨਾਲ ਮਤਲਬ ਹੈ ਕਿ ਸਰਕਾਰ ਉਹਨਾਂ ਦੀ ਭਲਾਈ ਅਤੇ ਵਿਕਾਸ ਲਈ ਕੀ ਕਰ ਰਹੀ ਹੈ। ਉਧਰ ਵਿਦੇਸ਼ੀ ਨਾਗਰਿਕਤਾ ਦੀ ਸ਼ਿਕਾਇਤ ‘ਤੇ ਰਾਹੁਲ ਗਾਂਧੀ ਨੂੰ ਮਿਲੇ ਕੇਂਦਰ ਦੇ ਨੋਟਿਸ ‘ਤੇ ਸਰਕਾਰ ਨੇ ਮੋਦੀ ਸਰਕਾਰ ‘ਤੇ ਪਲਟਵਾਰ ਕੀਤਾ ਹੈ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਰਾਹੁਲ ਗਾਂਧੀ ਨੂੰ ਮਿਲੇ ਨੋਟਿਸ ‘ਤੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਰਾਹੁਲ ਗਾਂਧੀ ਜਨਮ ਤੋਂ ਹੀ ਭਾਰਤ ਦੇ ਨਾਗਰਿਕ ਹਨ। ਉਹਨਾਂ ਕਿਹਾ ਕਿ ਮੋਦੀ ਕੋਲ ਰੁਜ਼ਗਾਰ, ਕਿਸਾਨਾਂ ਦੀਆਂ ਸਮੱਸਿਆਵਾਂ, ਕਾਲੇਧਨ ਆਦਿ ਬਾਰੇ ਕੋਈ ਜਵਾਬ ਨਹੀਂ ਹੈ ਇਸ ਲਈ ਉਹ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦਈਏ ਕਿ ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿਚ ਰਾਹੁਲ ਗਾਂਧੀ ਨੂੰ ਕਿਹਾ ਗਿਆ ਹੈ ਕਿ ਉਹ ਨਾਗਰਿਕਤਾ ਨੂੰ ਲੈ ਕੇ ਅਪਣੀ ਅਸਲ ਸਥਿਤੀ 15 ਦਿਨਾਂ ਵਿਚ ਦੱਸਣ। ਭਾਜਪਾ ਸਾਂਸਦ ਸੁਬਰਮਨੀਅਮ ਸਵਾਮੀ ਦੀ ਅਰਜ਼ੀ ਦੇ ਆਧਾਰ ‘ਤੇ ਰਾਹੁਲ ਗਾਂਧੀ ਨੂੰ ਕੇਂਦਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿਚ ਗ੍ਰਹਿ ਮਤਰਾਲੇ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕੋਲ ਬ੍ਰਿਟੇਨ ਦੀ ਨਾਗਰਿਕਤਾ ਹੈ।