ਰਾਹੁਲ ਗਾਂਧੀ ਨੂੰ ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਨੋਟਿਸ, ਭਾਰਤੀ ਨਾਗਰਿਕ ਹੋਣ ਦੇ ਸਬੂਤ ਮੰਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਨੇ ਕਿਹਾ - 'ਰਾਹੁਲ ਹਿੰਦੋਸਤਾਨੀ ਹੈ'

Govt's notice to Rahul Gandhi over complaint on his citizenship

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ 'ਤੇ ਫਿਰ ਵਿਵਾਦ ਖੜਾ ਹੋ ਗਿਆ ਹੈ। ਦੋਹਰੀ ਨਾਗਰਿਕਤਾ ਦੇ ਮਾਮਲੇ 'ਤੇ ਗ੍ਰਹਿ ਮੰਤਰਾਲਾ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ। ਰਾਹੁਲ ਗਾਂਧੀ ਨੂੰ ਅਗਲੇ 15 ਦਿਨਾਂ 'ਚ ਇਸ ਨੋਟਿਸ ਦਾ ਜਵਾਬ ਦੇਣਾ ਹੈ। ਨੋਟਿਸ 'ਚ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਹੈ ਕਿ ਦੋਹਰੀ ਨਾਗਰਿਕਤਾ ਦੇ ਦੋਸ਼ਾਂ 'ਤੇ ਉਨ੍ਹਾਂ ਦਾ ਕੀ ਕਹਿਣਾ ਹੈ? 

ਇਹ ਸ਼ਿਕਾਇਤ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕੀਤੀ ਹੈ, ਜੋ ਕਈ ਸਾਲਾਂ ਤੋਂ ਦੋਸ਼ ਲਗਾ ਰਹੇ ਹਨ ਕਿ ਰਾਹੁਲ ਗਾਂਧੀ ਕੋਲ ਬ੍ਰਿਟੇਨ ਦੀ ਨਾਗਰਿਕਤਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਅਮੇਠੀ ਅਤੇ ਕੇਰਲ ਦੀ ਵਾਏਨਾਡ ਲੋਕ ਸਭਾ ਸੀਟਾਂ ਤੋਂ ਚੋਣ ਲੜ ਰਹੇ ਹਨ। ਬੀਤੇ ਸੋਮਵਾਰ ਸੁਬਰਾਮਨੀਅਮ ਸਵਾਮੀ ਨੇ ਗ੍ਰਹਿ ਮੰਤਰਾਲੇ ਨੂੰ ਇਕ ਚਿੱਠੀ ਭੇਜੀ ਸੀ, ਜਿਸ 'ਚ ਗਾਂਧੀ ਦੀ ਨਾਗਰਿਕਤਾ ਅਤੇ ਵਿਦਿਅਕ ਯੋਗਤਾ ਬਾਰੇ ਸਵਾਲ ਕੀਤੇ ਗਏ ਸਨ।

ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ 'ਚ ਮੰਤਰਾਲੇ ਨੇ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿਚ ਤੱਥ ਪੇਸ਼ ਕਰਨ ਲਈ ਕਿਹਾ ਹੈ। ਰਾਹੁਲ ਨੂੰ ਇਸ ਨੋਟਿਸ ਦਾ 15 ਦਿਨਾਂ ਦੇ ਅੰਦਰ ਜਵਾਬ ਦੇਣਾ ਹੈ। ਸਵਾਮੀ ਦਾ ਦਾਅਵਾ ਹੈ ਕਿ ਸਾਲ 2003 'ਚ ਯੂਨਾਈਟਿਡ ਵਿਚ ਬੈਕਫੈਕਸ ਨਾਮਕ ਇਕ ਕੰਪਨੀ ਰਜਿਸਟਰ ਹੋਈ ਸੀ। ਇਸ ਕੰਪਨੀ ਦੇ ਡਾਇਰੈਕਟਰ ਕਥਿਤ ਤੌਰ ਉੱਤੇ ਰਾਹੁਲ ਗਾਂਧੀ ਹਨ। ਇਸ ਦਾ ਰਜਿਸਟਰਡ ਪਤਾ 51 Southgate ਸਟਰੀਟ, ਵਿਨਚੈਸਟਰ Hampshire SO23 9EH ਹੈ।

ਇਸ ਕੰਪਨੀ ਨੇ 2006 ਵਿਚ ਰਿਟਰਨ ਫਾਈਲ ਕੀਤੀ ਹੈ, ਉਸ ਵਿਚ ਰਾਹੁਲ ਨੂੰ ਇਕ ਬ੍ਰਿਟਿਸ਼ ਨਾਗਰਿਕ ਦੱਸਿਆ ਹੈ। ਕੰਪਨੀ ਨੂੰ ਬੰਦ ਕਰਨ ਲਈ ਜਿਹੜੀ ਅਰਜ਼ੀ ਦਿੱਤੀ ਗਈ ਉਸ 'ਚ ਰਾਹੁਲ ਨੂੰ ਬ੍ਰਿਟਿਸ਼ ਨਾਗਰਿਕ ਵੀ ਕਿਹਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਸ ਸ਼ਿਕਾਇਤ 'ਤੇ ਧਿਆਨ ਦਿੰਦਿਆਂ ਨੋਟਿਸ ਜਾਰੀ ਕੀਤਾ ਹੈ।

ਉਧਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਰਾਹੁਲ ਦਾ ਬਚਾਅ ਕਰਦਿਆਂ ਕਿਹਾ, "ਮੈਂ ਅਜਿਹੀ ਬਕਵਾਸ ਪਹਿਲਾਂ ਕਦੇ ਨਹੀਂ ਸੁਣੀ। ਸਾਰਾ ਹਿੰਦੁਸਤਾਨ ਜਾਣਦਾ ਹੈ ਕਿ ਰਾਹੁਲ ਗਾਂਧੀ ਹਿੰਦੋਸਤਾਨੀ ਹੈ। ਰਾਹੁਲ ਹਿੰਦੋਸਤਾਨ 'ਚ ਪੈਦਾ ਹੋਇਆ। ਸਾਰਿਆਂ ਸਾਹਮਣੇ ਉਸ ਦੀ ਪਰਵਰਿਸ਼ ਹੋਈ ਅਤੇ ਵੱਡਾ ਹੋਇਆ। ਸਾਰਿਆਂ ਨੂੰ ਰਾਹੁਲ ਗਾਂਧੀ ਬਾਰੇ ਪਤਾ ਹੈ।"