ਮੋਦੀ, ਰਾਹੁਲ, ਅਮਿਤ ਸ਼ਾਹ ਦੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਤੇ ਫੈਸਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦੀ ਮੋਦੀ ਖਿਲਾਫ਼ ‘ਚੌਕੀਦਾਰ ਚੋਰ ਹੈ’ ਟਿੱਪਣੀ ਵੀ ਚੋਣ ਕਮਿਸ਼ਨ ਦੇ ਜਾਂਚ ਦੇ ਘੇਰੇ ਚ ਹੈ

Rahul Gandhi, PM MOdi, Amit Shah

ਨਵੀਂ ਦਿੱਲੀ- ਚੋਣ ਕਮਿਸ਼ਨ (ਈਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਮੁਖੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀਆਂ ਸ਼ਿਕਾਇਤਾਂ ’ਤੇ ਅੱਜ ਮੰਗਲਵਾਰ 30 ਅਪ੍ਰੈਲ 2019 ਨੂੰ ਫੈਸਲਾ ਲਵੇਗਾ। ਚੋਣ ਕਮਿਸ਼ਨਰ ਚੰਦਰ ਭੂਸ਼ਣ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਪੂਰਨ ਕਮਿਸ਼ਨ ਮੰਗਲਵਾਰ ਸਵੇਰੇ ਬੈਠਕ ਕਰਨਗੇ ਤੇ ਸ਼ਿਕਾਇਤਾਂ ਤੇ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਸੈਕਟ੍ਰਰੀਏਟ ਨੇ ਸਾਰੇ ਪਹਿਲੂਆਂ ਤੇ ਵਿਚਾਰ ਕੀਤਾ ਅਤੇ ਕਮਿਸ਼ਨ ਸਾਹਮਣੇ ਵਿਸਥਾਰ ਜਾਣਕਾਰੀ ਪੇਸ਼ ਕੀਤੀ।

ਦੱਸਣਯੋਗ ਹੈ ਕਿ ਕਮਿਸ਼ਨ ਜ਼ਰੂਰੀ ਮੁੱਦਿਆਂ ਤੇ ਚਰਚਾ ਕਰਨ ਲਈ ਮੰਗਲਵਾਰ ਅਤੇ ਵੀਰਵਾਰ ਨੂੰ ਮੀਟਿੰਗ ਕਰਦਾ ਹੈ। ਚੋਣ ਕਮਿਸ਼ਨ ਮੰਗਲਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀ ਸੰਭਾਵਤ ਤਾਰੀਖ਼ਾਂ ਤੇ ਵੀ ਚਰਚਾ ਕਰ ਸਕਦਾ ਹੈ। ਸੂਬੇ ਚ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਨਹੀਂ ਕਰਾਈਆਂ ਜਾ ਸਕੀਆਂ ਕਿਉਂਕਿ ਗ੍ਰਹਿ ਮੰਤਰਾਲਾ ਨੇ ਇਕੱਠੇ ਚੋਣਾਂ ਕਰਵਾਉਣ ਚ ਕਾਨੂੰਨ ਅਤੇ ਹਾਲਾਤ ਦੀਆਂ ਮੁਸ਼ਕਲਾਂ ਦਾ ਹਵਾਲਾ ਦਿੱਤਾ ਸੀ।

ਕਮਿਸ਼ਨ ਦੀ ਬੈਠਕ ਅਜਿਹੇ ਦਿਨ ਹੋ ਰਹੀ ਹੈ ਜਦੋਂ ਸੁਪਰੀਮ ਕੋਰਟ ਇਕ ਕਾਂਗਰਸੀ ਸੰਸਦ ਮੈਂਬਰ ਦੀ ਉਸ ਅਪੀਲ ਤੇ ਸੁਣਵਾਈ ਕਰੇਗਾ ਜਿਸ ਵਿਚ ਚੋਣ ਕਮੇਟੀ ਬਾਡੀ ਨੂੰ ਮੋਦੀ ਅਤੇ ਸ਼ਾਹ ਖਿਲਾਫ ਸ਼ਿਕਾਇਤਾਂ ਤੇ ਬਿਨਾਂ ਕਿਸੇ ਦੇਰੀ ਦੇ ਫੈਸਲਾ ਲੈਣ ਦੇ ਹੁਕਮਾਂ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਚ ਲਾਤੂਰ ਦੇ ਔਸਾ ਚ 9 ਅਪ੍ਰੈਲ ਨੂੰ ਇਕ ਰੈਲੀ ਚ ਮੋਦੀ ਨੇ ਨੌਜਵਾਨ ਵੋਟਰਾਂ ਤੋਂ ਬਾਲਾਕੋਟ ਹਵਾਈ ਹਮਲੇ ਦੇ ਵੀਰਾਂ ਦੇ ਨਾਂ ਤੇ ਵੋਟ ਪਾਉਣ ਦੀ ਅਪੀਲ ਕੀਤੀ ਸੀ।

ਪੱਛਮੀ ਬੰਗਾਲ ਚ ਮੋਦੀ ਜੀ ਦੀ ਹਵਾਈ ਫ਼ੌਜ ਤੇ ਸ਼ਾਹ ਦੇ ਕਥਿਤ ਬਿਆਨ ਤੇ ਵੀ ਫੈਸਲਾ ਮੰਗਲਵਾਰ ਨੂੰ ਲਿਆ ਜਾਵੇਗਾ। ਰਾਹੁਲ ਗਾਂਧੀ ਦੀ ਮੋਦੀ ਖਿਲਾਫ਼ ‘ਚੌਕੀਦਾਰ ਚੋਰ ਹੈ’ ਟਿੱਪਣੀ ਵੀ ਚੋਣ ਕਮਿਸ਼ਨ ਦੇ ਜਾਂਚ ਦੇ ਘੇਰੇ ਚ ਹੈ ਅਤੇ ਇਸ ਤੇ ਵੀ ਅੱਜ ਫੈਸਲਾ ਹੋਣਾ ਹੈ।