ਈਵੀਐਮ ਮਸ਼ੀਨਾਂ ਦਾ ਵਿਵਾਦ ਨਾ ਸੁਲਝਣ ਤਕ ਚੋਣਾਂ ਦਾ ਬਾਈਕਾਟ ਕਰੋ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਮੁਖੀ ਉੂਧਵ ਠਾਕਰੇ ਨੇ ਵਿਰੋਧੀ ਧਿਰਾਂ ਨੂੰ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਜੁੜੇ ਵਿਵਾਦਾਂ ਦਾ ਛੇਤੀ ਹੀ ਹੱਲ ਨਾ ਹੋਣ 'ਤੇ ਉਹ ਚੋਣਾਂ ....

EVM Machine

ਮੁੰਬਈ, ਸ਼ਿਵ ਸੈਨਾ ਮੁਖੀ ਉੂਧਵ ਠਾਕਰੇ ਨੇ ਵਿਰੋਧੀ ਧਿਰਾਂ ਨੂੰ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਜੁੜੇ ਵਿਵਾਦਾਂ ਦਾ ਛੇਤੀ ਹੀ ਹੱਲ ਨਾ ਹੋਣ 'ਤੇ ਉਹ ਚੋਣਾਂ ਦਾ ਇਕੱਠਿਆਂ ਬਾਈਕਾਟ ਕਰਨ। ਉਨ੍ਹਾਂ ਪਾਲਘਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਬਾਰੇ ਚੋਣ ਕਮਿਸ਼ਨ ਨੂੰ ਅਦਾਲਤ ਵਿਚ ਘਸੀਟਣ ਦੀ ਵੀ ਧਮਕੀ ਦਿਤੀ ਅਤੇ ਉਥੇ ਮਤਦਾਨ ਫ਼ੀ ਸਦੀ ਵਿਚ 'ਅਚਾਨਕ ਹੋਏ ਵਾਧੇ' ਬਾਰੇ ਚੋਣ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। 

ਠਾਕਰੇ ਨੇ ਪਾਲਘਰ ਲੋਕ ਸਭਾ ਜ਼ਿਮਨੀ ਚੋਣ ਵਿਚ ਅਪਣੀ ਪਾਰਟੀ ਦੇ ਉਮੀਦਵਾਰ ਦੇ ਹਾਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ, 'ਜਦ ਭਾਜਪਾ ਨੇ 2014 ਵਿਚ ਪਾਲਘਰ ਲੋਕ ਸਭਾ ਸੀਟ ਜਿੱਤੀ ਸੀ ਤਦ ਜਿੱਤ ਦਾ ਫ਼ਰਕ ਲੱਖਾਂ ਵੋਟਾਂ ਸਨ। ਅੱਜ ਉਹ ਮੁਸ਼ਕਲ ਨਾਲ ਕੁੱਝ ਹਜ਼ਾਰ ਵੋਟਾਂ ਨਾਲ ਜਿੱਤੇ।' ਉਨ੍ਹਾਂ ਕਿਹਾ ਕਿ ਪਾਲਘਰ ਵਿਚ ਵੋਟ ਪਾਉਣ ਵਾਲੇ ਅੱਠ ਲੱਖ ਲੋਕਾਂ ਵਿਚੋਂ ਛੇ ਲੱਖ ਤੋਂ ਵੱਧ ਨੇ ਭਾਜਪਾ ਨੂੰ ਖ਼ਾਰਜ ਕਰ ਦਿਤਾ।

ਸ਼ਿਵ ਸੈਨਾ ਨੇ ਕਿਹਾ, 'ਮੈਂ ਇਹ ਹਾਰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹਾਂ ਕਿਉਂਕਿ ਚੋਣ ਜਿੱਤਣ ਲਈ ਪੈਸੇ ਅਤੇ ਤਾਕਤ ਦੀ ਵਰਤੋਂ ਕੀਤੀ ਗਈ।' ਉਨ੍ਹਾਂ ਕਿਹਾ, 'ਜਦ ਭਾਜਪਾ 2014 ਵਿਚ ਸੱਤਾ ਵਿਚ ਆਈ ਸੀ, ਸਾਨੂੰ ਲੱਗਾ ਕਿ ਇਹ ਸਰਕਾਰ ਘੱਟੋ ਘੱਟ 25 ਸਾਲ ਤਕ ਰਹੇਗੀ ਪਰ ਚਾਰ ਸਾਲ ਮਗਰੋਂ ਹੀ ਉਹ ਬਹੁਤੀਆਂ ਚੋਣਾਂ ਹਾਰ ਰਹੇ ਹਨ ਜਿਸ ਨਾਲ ਹੁਣ ਉਹ ਘੱਟਗਿਣਤੀ ਵਿਚ ਆ ਗਏ ਹਨ। ਬਹੁਮਤ ਨਾਲ ਸੱਤਾ ਵਿਚ ਆਉਣ ਮਗਰੋਂ ਉਨ੍ਹਾਂ ਨੂੰ ਭਾਈਵਾਲਾਂ ਦੀ ਹੁਣ ਤਕ ਲੋੜ ਨਹੀਂ ਰਹਿ ਗਈ ਸੀ।'  (ਏਜੰਸੀ)