ਮੋਦੀ ਸਰਕਾਰ ਵਿਰੁਧ ਮੋਰਚਾ 22 ਰਾਜਾਂ ਵਿਚ ਕਿਸਾਨਾਂ ਦਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਤੇ ਹਰਿਆਣਾ ਸਮੇਤ ਕਈ ਰਾਜਾਂ ਵਿਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੱਜ ਸਬਜ਼ੀਆਂ, ਦੁੱਧ ਅਤੇ ਹੋਰ ਖੇਤੀ ਵਸਤਾਂ ਨੂੰ ਸੜਕਾਂ 'ਤੇ ਸੁੱਟ ਦਿਤਾ ਅਤੇ ਸ਼ਹਿਰਾਂ ਵਿਚ...

A farmer sheds milk in Pune.

ਚੰਡੀਗੜ੍ਹ/ਭੋਪਾਲ/ਮੰਦਸੌਰ, : ਪੰਜਾਬ ਤੇ ਹਰਿਆਣਾ ਸਮੇਤ ਕਈ ਰਾਜਾਂ ਵਿਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੱਜ ਸਬਜ਼ੀਆਂ, ਦੁੱਧ ਅਤੇ ਹੋਰ ਖੇਤੀ ਵਸਤਾਂ ਨੂੰ ਸੜਕਾਂ 'ਤੇ ਸੁੱਟ ਦਿਤਾ ਅਤੇ ਸ਼ਹਿਰਾਂ ਵਿਚ ਇਨ੍ਹਾਂ ਚੀਜ਼ਾਂ ਦੀ ਸਪਲਾਈ ਰੋਕ ਦਿਤੀ। ਕਿਸਾਨਾਂ ਨੇ ਕਰਜ਼ਾ ਮਾਫ਼ੀ ਅਤੇ ਫ਼ਸਲਾਂ ਦੇ ਵਾਜਬ ਮੁੱਲ ਦੀ ਮੰਗ ਦੇ ਹੱਕ ਵਿਚ ਸਰਕਾਰ 'ਤੇ ਦਬਾਅ ਪਾਉਣ ਲਈ ਪ੍ਰਦਰਸ਼ਨ ਕੀਤੇ। ਕਿਸਾਨਾਂ ਨੇ 1 ਤੋਂ 10 ਜੂਨ ਤਕ ਅੰਦੋਲਨ ਦਾ ਸੱਦਾ ਦਿਤਾ ਹੋਇਆ ਹੈ। 

ਕਿਸਾਨ ਜਥੇਬੰਦੀਆਂ ਨੇ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ ਦੀਆਂ ਮੰਡੀਆਂ ਅਤੇ ਥੋਕ ਬਾਜ਼ਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਦਿਤਾ ਹੈ ਜਿਸ ਕਾਰਨ ਜ਼ਰੂਰੀ ਚੀਜ਼ਾਂ ਦੀ ਘਾਟ ਅਤੇ ਮੁੱਲ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਕੌਮੀ ਕਿਸਾਨ ਮਜ਼ਦੂਰ ਮਹਾਸੰਘ ਦੇ ਕਨਵੀਨਰ ਸ਼ਿਵਕੁਮਾਰ ਸ਼ਰਮਾ ਨੇ ਭੋਪਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ 22 ਰਾਜਾਂ ਵਿਚ 'ਪਿੰਡ ਬੰਦ' ਅੰਦੋਲਨ ਕੀਤਾ ਜਾ ਰਿਹਾ ਹੈ।

ਪੁਲਿਸ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਕਾਫ਼ੀ ਚੌਕਸੀ ਵਰਤ ਰਹੀ ਹੈ। ਪਿਛਲੇ ਸਾਲ ਛੇ ਜੂਨ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਇਥੇ ਪੁਲਿਸ ਗੋਲੀਬਾਰੀ ਵਿਚ ਛੇ ਕਿਸਾਨਾਂ ਦੀ ਮੌਤ ਹੋ ਗਈ ਸੀ। ਸ਼ਰਮਾ ਨੇ ਕਿਹਾ, 'ਕਿਸਾਨਾਂ ਨੂੰ ਦੁੱਧ ਸਮੇਤ ਹੋਰ ਚੀਜ਼ਾਂ ਵੇਚਣ ਲਈ ਸ਼ਹਿਰ ਨਾ ਜਾਣ ਲਈ ਕਿਹਾ ਗਿਆ ਹੈ। ਅੰਦੋਲਨ ਦੇ ਆਖ਼ਰੀ ਦਿਨ 'ਭਾਰਤ ਬੰਦ' ਕੀਤਾ ਜਾਵੇਗਾ।'  ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਅਤੇ ਹੋਰ ਰਾਜਾਂ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਚੰਗਾ ਹੁੰਗਾਰਾ ਮਿਲਿਆ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁੱਝ ਥਾਈਂ ਕਿਸਾਨਾਂ ਨੇ ਸਬਜ਼ੀਆਂ ਅਤੇ ਦੁੱਧ ਨੂੰ ਸੜਕਾਂ 'ਤੇ ਸੁੱਟ ਦਿਤਾ। ਉਨ੍ਹਾਂ ਕਿਹਾ ਕਿ ਦਸ ਦਿਨਾਂ ਦੇ ਪ੍ਰਦਰਸ਼ਨ ਦੌਰਾਨ ਕਿਸਾਨ ਅਪਣੇ ਪਿੰਡਾਂ ਵਿਚ ਰਹਿਣਗੇ ਅਤੇ ਅਪਣੇ ਉਤਪਾਦਾਂ ਦੀ ਵਿਕਰੀ ਕਰਨ ਲਈ ਸ਼ਹਿਰ ਨਹੀਂ ਜਾਣਗੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਘੱਟ ਆਮਦਨ, ਕਿਸਾਨ ਖ਼ੁਦਕੁਸ਼ੀਆਂ ਅਤੇ ਕਰਜ਼ਾ ਮਾਫ਼ੀ ਜਿਹੇ ਮਸਲਿਆਂ ਦਾ ਹੱਲ ਨਹੀਂ ਕਰ ਰਹੀ ਤੇ ਨਾ ਹੀ ਸਵਾਮੀਨਾਥਨ ਕਮੇਟੀ ਦੀ ਰੀਪੋਰਟ ਲਾਗੂ ਕਰ ਰਹੀ ਹੈ। (ਏਜੰਸੀ)