46 ਡਿਗਰੀ ਤਾਪਮਾਨ ਨੇ ਝੁਲਸਾਏ ਲੋਕ, ਦਿੱਲੀ ਲਈ 'ਰੈੱਡ ਕੋਡ' ਦੀ ਚਿਤਾਵਨੀ ਜਾਰੀ
ਦਿੱਲੀ 'ਚ ਤਪਿਸ਼ ਦੀ ਸਥਿਤੀ ਬਰਕਰਾਰ ਹੈ, ਜਦੋਂ ਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਲਈ 'ਰੈੱਡ ਕਲਰ' ਚਿਤਾਵਨੀ ਜਾਰੀ ਕੀਤੀ ਹੈ।
ਨਵੀਂ ਦਿੱਲੀ : ਦਿੱਲੀ 'ਚ ਤਪਿਸ਼ ਦੀ ਸਥਿਤੀ ਬਰਕਰਾਰ ਹੈ, ਜਦੋਂ ਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਲਈ 'ਰੈੱਡ ਕਲਰ' ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਦੁਪਹਿਰ ਨੂੰ ਵਧ ਤੋਂ ਵਧ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਜਤਾਇਆ ਹੈ। ਮੌਸਮ ਵਿਭਾਗ ਦੇ ਚਾਰ 'ਕਲਰ ਕੋਡ' ਹਨ, ਹਰਾ, ਪੀਲਾ, ਸੁਨਹਿਰਾ ਅਤੇ ਲਾਲ। ਹਰਾ ਰੰਗ ਆਮ ਸਥਿਤੀ ਜਦੋਂ ਕਿ ਲਾਲ ਰੰਗ ਮੌਸਮ ਦੀ ਉੱਚ ਸਥਿਤੀ ਨੂੰ ਦਰਸਾਉਂਦਾ ਹੈ।
ਮੌਸਮ ਵਿਭਾਗ ਦੀ ਵੈੱਬਸਾਈਟ ਅਨੁਸਾਰ ਰਾਸ਼ਟਰੀ ਰਾਜਧਾਨੀ ਲਈ ' ਰੈੱਡ ਕੋਡ' ਚਿਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਨੂੰ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 46.8 ਡਿਗਰੀ ਸੈਲਸੀਅਸ ਦਰਜ ਕੀਤਾ ਸੀ, ਜੋ 5 ਸਾਲ 'ਚ ਸਭ ਤੋਂ ਵੱਧ ਤਾਪਮਾਨ ਹੈ। ਘੱਟੋ-ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਬਣਿਆ ਰਿਹਾ। ਰਾਸ਼ਟਰੀ ਰਾਜਧਾਨੀ ਦੇ ਵੱਧ ਤੋਂ ਵੱਧ ਇਲਾਕਿਆਂ 'ਚ ਲਗਾਤਾਰ 2 ਦਿਨ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਰਹਿਣ 'ਤੇ ਲੂ ਦੀ ਸਥਿਤੀ ਦਾ ਐਲਾਨ ਕੀਤਾ ਜਾਂਦਾ ਹੈ।
ਜਦਕਿ ਲਗਾਤਾਰ 2 ਦਿਨ ਪਾਰਾ 47 ਡਿਗਰੀ ਪਹੁੰਚਣ 'ਤੇ ਭਿਆਨਕ ਲੂ ਦੀ ਸਥਿਤੀ ਦਾ ਐਲਾਨ ਕੀਤਾ ਜਾਂਦਾ ਹੈ। ਭਾਰਤੀ ਮੌਸਮ ਵਿਭਾਗ ਦੇ ਖੇਤਰੀ ਮੌਸਮ ਅਨੁਮਾਨ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਰਗੇ ਛੋਟੇ ਇਲਾਕਿਆਂ 'ਚ ਇਕ ਦਿਨ ਵੀ 45 ਡਿਗਰੀ ਸੈਲਸੀਅਸ ਤਾਪਮਾਨ ਰਹਿਣ 'ਤੇ ਲੂ ਦੀ ਸਥਿਤੀ ਦਾ ਐਲਾਨ ਕੀਤਾ ਜਾਂਦਾ ਹੈ।